ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਅਗਸਤ
ਇਥੇ ਚੱਲ ਰਹੇ ਕਿਸਾਨ ਸੰਘਰਸ਼ ਮੋਰਚੇ ਦੇ 306ਵੇਂ ਦਿਨ ਜਿਥੇ ਧਰਨਾ ਜਾਰੀ ਰਿਹਾ ਉਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਜਗਰਾਉਂ ਦੇ ਦੋ ਦਰਜਨ ਪਿੰਡਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਹਾਜ਼ਰ ਨੁਮਾਇੰਦਿਆਂ ਨੇ ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੀ ਮੌਜੂਦਾ ਸਥਿਤੀ ’ਤੇ ਚਰਚਾ ਕੀਤੀ। ਇਸ ਸਮੇਂ ਫ਼ੈਸਲਾ ਕੀਤਾ ਗਿਆ ਕਿ ਦਿੱਲੀ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਜ਼ੋਰ ਲਾਇਆ ਜਾਵੇ। ਪਿੰਡਾਂ ’ਚ ਬੱਝੇ ਜੱਕ ਨੂੰ ਤੋੜਨ ਅਤੇ ਪਿੰਡਾਂ ਦੀ ਵੱਸੋਂ ਦੀ ਵਿਸ਼ਾਲ ਲਾਮਬੰਦੀ ਲਈ ਨੁੱਕੜ ਨਾਟਕਾਂ ਦੀ ਮੁਹਿੰਮ ਚਲਾਈ ਜਾਣ ਦੀ ਵਿਉਂਤਬੰਦੀ ਕੀਤੀ ਗਈ। ਇਸ ਮੁਹਿੰਮ ਤਹਿਤ 3 ਅਗਸਤ ਨੂੰ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਅਮਰਗੜ੍ਹ ਕਲੇਰਾਂ, ਕੋਠੇ ਬੱਗੂ, ਡਾਂਗੀਆਂ ਵਿਖੇ, 4 ਅਗਸਤ ਨੂੰ ਗੁਰੂਸਰ ਕਾਉਂਕੇ ਅਤੇ ਕਾਉਂਕੇ ਕਲਾਂ ਵਿਖੇ, 5 ਅਗਸਤ ਨੂੰ ਢੋਲਣ, ਚਚਰਾੜੀ, ਹਾਂਸ ਕਲਾਂ, ਸੂਜਾਪੁਰ, ਬਾਰਦੇਕੇ ਵਿਖੇ ਨਾਟਕ ਟੀਮਾਂ ਨਾਟਕ ਖੇਡਣਗੀਆਂ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਸਮੂਹ ਇਕਾਈਆਂ ਨੂੰ ਦਿੱਲੀ ਅਤੇ ਰੇਲ ਪਾਰਕ ਜਗਰਾਉਂ ਮੋਰਚਿਆਂ ’ਚ ਕਿਸਾਨਾਂ ਮਜ਼ਦੂਰਾਂ ਦੀ ਗਿਣਤੀ ਵਧਾਉਣ ਦਾ ਸੱਦਾ ਦਿੱਤਾ। ਇਸ ਮੌਕੇ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦਾ ਬਰਸੀ ਸਮਾਗਮ ਮਹਿਲ ਕਲਾਂ ਦਾਣਾ ਮੰਡੀ ਦੇ ਨਾਲ ਨਾਲ ਰੇਲ ਪਾਰਕ ਜਗਰਾਉਂ ਕਿਸਾਨ ਸੰਘਰਸ਼ ਮੋਰਚੇ ’ਚ ਵੀ ਮਨਾਏ ਜਾਣ ਦਾ ਫ਼ੈਸਲਾ ਕੀਤਾ ਗਿਆ।
ਖ਼ੁਸ਼ਕ ਬੰਦਰਗਾਹ ਬੰਦ ਹੋਣ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੋਵੇਗਾ: ਆਗੂ
ਗੁਰੂਸਰ ਸੁਧਾਰ (ਸੰਤੋਖ ਗਿੱਲ): ਇਥੇ ਕਿਲ੍ਹਾ ਰਾਏਪੁਰ ਵਿੱਚ ਅੰਡਾਨੀਆਂ ਦੀ ਖੁਸ਼ਕ ਬੰਦਰਗਾਹ ਅੱਗੇ ਕਿਸਾਨਾਂ ਦਾ ਮੋਰਚਾ ਅੱਜ ਵੀ ਜਾਰੀ ਰਿਹਾ। ਮੋਰਚੇ ਵਿੱਚ ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਅਡਾਨੀ ਗਰੁੱਪ ਵੱਲੋਂ ਪ੍ਰੈੱਸ ਅਤੇ ਸੋਸ਼ਲ ਮੀਡੀਆ ਰਾਹੀਂ ਪਰੋਸੇ ਜਾ ਰਹੇ ਝੂਠ ਦਾ ਚੌਰਾਹੇ ਭਾਂਡਾ ਭੰਨਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਕਰ ਕੇ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਬੰਦ ਹੋਣ ਨਾਲ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਕਾਰਪੋਰੇਟ ਘਰਾਣੇ ਦੀ ਲੁੱਟ ਬੰਦ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦਾ ਨੁਕਸਾਨ ਤਾਂ ਨਿੱਜੀਕਰਨ, ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਕਾਰਨ ਹੋ ਰਿਹਾ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨੇ ਵਾਲੀ ਥਾਂ ਤੋਂ ਜੰਤਰ-ਮੰਤਰ ’ਤੇ ਚੱਲ ਰਹੀ ‘ਕਿਸਾਨ ਸੰਸਦ’ ਵਿੱਚ ਭਾਗ ਲੈਣ ਲਈ ਕਿਸਾਨ ਆਗੂਆਂ ਦਾ ਵੱਡਾ ਜਥਾ ਰਵਾਨਾ ਕੀਤਾ ਗਿਆ। ਧਰਨੇ ਦੀ ਅਗਵਾਈ ਮਹਿੰਦਰ ਕੌਰ, ਸੁਖਵਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਕੀਤੀ।
ਸਿੰਘੂ ਬਾਰਡਰ ਲਈ ਕਿਸਾਨਾਂ ਦਾ ਜਥਾ ਰਵਾਨਾ
ਪਾਇਲ (ਦੇਵਿੰਦਰ ਜੱਗੀ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ‘ਤੇ ਚੱਲ ਰਹੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਲਈ ਪਿੰਡ ਘੁਡਾਣੀ ਖੁਰਦ ਤੋਂ ਜਥਾ ਰਵਾਨਾ ਹੋਇਆ। ਜਥੇ ਨੂੰ ਰਵਾਨਾ ਕਰਨ ਮੌਕੇ ਸਾਬਕਾ ਬਲਾਕ ਸਮਿਤੀ ਮੈਂਬਰ ਜਥੇਦਾਰ ਸੁਖਪਰੀਤ ਸਿੰਘ ਕਰੌਦੀਆਂ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਪਾਸ ਕੀਤੇ ਹਨ ਉਹ ਹਰ ਵਰਗ ਲਈ ਘਾਟੇ ਦਾ ਸੌਦਾ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਲਵਿੰਦਰ ਸਿੰਘ ਬੋਪਾਰਾਏ, ਮਿੰਟੀ ਬੋਪਾਰਾਏ, ਹਰਿੰਦਰ ਸਿੰਘ ਘੁਡਾਣੀ ਤੇ ਪੰਚ ਕੇਸਰ ਸਿੰਘ ਵੀ ਹਾਜ਼ਰ ਸਨ।