ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਨਵੰਬਰ
ਵਿਰੋਧੀ ਧਿਰ ਦੀ ਉਪ ਨੇਤਾ ਅਤੇ ‘ਆਪ’ ਵੱਲੋਂ ਦੁਬਾਰਾ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ’ਚ ਪਾਰਟੀ ਦੇ ਐੱਨਆਰਆਈ ਵਿੰਗ ਨੇ ਅੱਜ ਪਿੰਡ ਲੰਮਾ ’ਚ ਨੁੱਕੜ ਮੀਟਿੰਗ ਰੱਖੀ ਸੀ। ਇਸ ’ਚ ਪਾਰਟੀ ਆਗੂ ਅਨਮੋਲ ਗਗਨ ਮਾਨ ਦੇ ਪਹੁੰਚਣ ਦਾ ਪ੍ਰਚਾਰ ਕੀਤਾ ਗਿਆ ਸੀ। ਪਾਰਟੀ ਵੱਲੋਂ ਫਲੈਕਸਾਂ, ਪ੍ਰਚਾਰ ਤੇ ਲਾਏ ਸੁਨੇਹੇ ਦੌਰਾਨ ਅਨਮੋਲ ਦੇ 3 ਵਜੇ ਦੁਪਹਿਰ ਪਹੁੰਚਣ ਦੀ ਗੱਲ ਕਹੀ ਗਈ ਸੀ। ਨੁੱਕੜ ਮੀਟਿੰਗ ’ਚ ਭਰਵਾਂ ਇਕੱਠ ਹੋਇਆ ਅਤੇ ਹਨੇਰਾ ਹੋਣ ਤੱਕ ਲੋਕ ਸ਼ਾਮ ਦੇ ਛੇ ਵਜੇ ਤੱਕ ਉਡੀਕ ’ਚ ਬੈਠੇ ਰਹੇ। ਪਰ ਜਿਵੇਂ ਹੀ ਅਨਮੋਲ ਗਗਨ ਦੇ ਨਾ ਆਉਣ ਦਾ ਪਤਾ ਲੱਗਾ ਤਾਂ ਲੋਕ ਉੱਠ ਕੇ ਘਰਾਂ ਨੂੰ ਪਰਤ ਗਏ। ਇਸ ਤੋਂ ਪਹਿਲਾਂ ਵਿਧਾਇਕ ਮਾਣੂੰਕੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੇ 71 ਸਾਲਾਂ ਤੋਂ ਅਕਾਲੀ-ਕਾਂਗਰਸੀ ਲੋਕਾਂ ਨੂੰ ਲੁੱਟਦੇ ਆ ਰਹੇ ਹਨ ਪਰ ਜਦੋਂ ਲੋਕਾਂ ਨੂੰ ਕੁਝ ਦੇਣ ਦੀ ਗੱਲ ਹੁੰਦੀ ਹੈ ਤਾਂ ਇਨ੍ਹਾਂ ਦੀਆਂ ਸਰਕਾਰਾਂ ਦੇ ਖਜ਼ਾਨੇ ਖਾਲੀ ਖੜਕਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਪੰਜਾਬ ਦੇ ਲੋਕ 2022 ’ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਝੰਡਾ ਗੱਡ ਦੇਣਗੇ। ਇਸ ਮੌਕੇ ਦਰਸ਼ਨ ਸਿੰਘ ਯੂਐੱਸਏ, ਜਰਨੈਲ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਮਨਜੀਤ ਸਿੰਘ ਰਾਏਕੋਟ, ਹਾਕਮ ਸਿੰਘ ਆਦਿ ਮੌਜੂਦ ਸਨ।
ਅਨਮੋਲ ਗਗਨ ਮਾਨ ਨੇ ਰੈਲੀ ਵਿੱਚ ਨਾ ਪਹੁੰਚਣ ਸਬੰਧੀ ਮੁਆਫੀ ਮੰਗੀ
‘ਆਪ’ ਦੀ ਯੂਥ ਵਿੰਗ ਦੀ ਆਗੂ ਅਨਮੋਲ ਗਗਨ ਮਾਨ ਦੇਰ ਸ਼ਾਮ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਜਗਰਾਉਂ ਦੇ ਕੱਚਾ ਮਲਕ ਰੋਡ ਸਥਿਤ ਘਰ ਪਹੁੰਚੇ। ਇਸ ਸਮੇਂ ਬੀਬੀ ਮਾਣੂੰਕੇ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਅਨਮੋਲ ਨੇ ਪਿੰਡ ਲੰਮੇ ਵਾਲੇ ਇਕੱਠ ’ਚ ਪਹੁੰਚ ਨਾ ਸਕਣ ਲਈ ਮੁਆਫ਼ੀ ਮੰਗੀ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਛੇਤੀ ਹੀ ਹਲਕੇ ਅੰਦਰ ਹੋਰ ਰੈਲੀ ਰੱਖੀ ਜਾਵੇਗੀ ਜਿਸ ’ਚ ਅਨਮੋਲ ਗਗਨ ਮਾਨ ਸਮੇਤ ਹੋਰ ਆਗੂ ਪਹੁੰਚਣਗੇ।