ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਮਈ
ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਹਲਕਾ ਪੂਰਬੀ ਦੇ ਇਲਾਕੇ ਨੂਰਵਾਲਾ ਰੋਡ ਵਿਖੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਐਮਡੀ ਅਤੇ ਸੁੱਖਾ ਢਿੱਲੋਂ ਵੱਲੋਂ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਹਲਕੇ ਦੇ ਵੋਟਰਾਂ ਨੇ ਸ੍ਰੀ ਢਿੱਲੋਂ ਨੂੰ ਭਰਵਾਂ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਅਕਾਲੀ ਆਗੂ ਮਹੀਪਾਲ, ਰਣਜੀਤ ਸੈਣੀ ਅਤੇ ਹਰਿਆਣਾ ਭਾਈਚਾਰੇ ਵੱਲੋਂ ਰਣਜੀਤ ਸਿੰਘ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਵੋਟਰਾਂ ਨੂੰ ਸੋਚ ਵਿਚਾਰ ਕਰਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਉਹ ਬਾਹਰਲਿਆਂ, ਦਲ ਬਦਲੂਆਂ ਅਤੇ ਝੂਠੀਆਂ ਗਾਰੰਟੀਆਂ ਦੇਣ ਵਾਲਿਆਂ ਤੋਂ ਸੁਚੇਤ ਹੋ ਕੇ ਵੋਟ ਪਾਉਣ। ਉਨਾਂ ਭਗਵੰਤ ਮਾਨ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਬਦਲਾਅ ਦੀ ਹਨੇਰੀ ਵਿੱਚ ਆ ਕੇ ਲੋਕਾਂ ਨੇ ਆਪਣਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਪਰ ਉਹ ਹੁਣ ਆਪਣੀ ਗਲਤੀ ਸੁਧਾਰਨ ਲਈ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨ।