ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਫਰਵਰੀ
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਵਰਚੁਅਲ ਰੈਲੀ ਵਿੱਚ ਲੋਕਾਂ ਨੇ ਰੁਚੀ ਵਿਖਾਈ ਹੈ। ਭਾਜਪਾ ਵੱਲੋਂ ਅੱਜ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ 18 ਥਾਵਾਂ ਤੇ ਵੱਡੀਆਂ ਸਕਰੀਨਾਂ ਰਾਹੀਂ ਰੈਲੀ ਦਾ ਪ੍ਰਸਾਰਨ ਕੀਤਾ ਗਿਆ। ਭਾਜਪਾ ਦੇ ਘੰਟਾ ਘਰ ਸਥਿਤ ਦਫ਼ਤਰ ਬਾਹਰ ਹੋਏ ਪ੍ਰਸਾਰਨ ਦੌਰਾਨ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਸਮੇਤ ਕਈ ਆਗੂ ਅਤੇ ਵਰਕਰ ਹਾਜ਼ਰ ਸਨ। ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ “ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਨਾਲ ਕੀਤੀ ਤਾਂ ਵਰਚੁਅਲ ਰੈਲੀ ਵਿੱਚ ਸ਼ਾਮਲ ਲੋਕਾਂ ਨੇ ਵੀ ਜੈਕਾਰੇ ਛੱਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਨੇ ਜਦੋਂ ਭਾਜਪਾ ਅਤੇ ਐਨਡੀਏ ਨੂੰ ਇੱਕ ਅਜਿਹੇ ਗਠਜੋੜ ਵਜੋਂ ਦਰਸਾਇਆ ਜਿਸ ਨੇ ਹਮੇਸ਼ਾਂ ਪੰਜਾਬੀ ਵਿਰਸੇ ਨੂੰ ਮਾਨਤਾ ਦਿੱਤੀ ਹੈ, ਤਾਂ ਲੋਕਾਂ ਨੇ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਦੂਜੀਆਂ ਸਿਆਸੀ ਪਾਰਟੀਆਂ ’ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਪਾਰਟੀਆਂ ਲਈ ਪੰਜਾਬ ਸਿਰਫ਼ ਸਿਆਸੀ ਲੜਾਈ ਦਾ ਮੈਦਾਨ ਹੈ ਜਦਕਿ ਭਾਜਪਾ ਲਈ ਪੰਜਾਬ ਹਮੇਸ਼ਾਂ ਹੀ ਬਹਾਦਰੀ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰ ਰਾਜਨੀਤਿਕ ਪਾਰਟੀਆਂ ਨੇ ਸਿੱਖਾਂ ਪ੍ਰਤੀ ਹਿੰਸਾ ਦੇ ਦੋਸ਼ੀਆਂ ਦੀ ਸੁਰੱਖਿਆ ਕੀਤੀ ਪਰ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜੋ ਵਿਚਾਰਧਾਰਾਵਾਂ ਵਿੱਚ ਬੁਨਿਆਦੀ ਅੰਤਰ ਦਰਸਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ 11 ਵਚਨਬੱਧਤਾਵਾਂ ਦਾ ਵੀ ਹਵਾਲਾ ਦਿੱਤਾ ਅਤੇ ਸਾਰੇ ਨੁਕਤਿਆਂ ਦਾ ਵਿਸਥਾਰਤ ਜ਼ਿਕਰ ਵੀ ਕੀਤਾ।
ਇਸ ਵਰਚੁਅਲ ਰੈਲੀ ਦਾ ਲਾਈਵ ਟੈਲੀਕਾਸਟ ਵਿਧਾਨ ਸਭਾ ਪੱਛਮੀ ਹਲਕੇ ਵਿੱਚ ਤਿੰਨ ਥਾਵਾਂ ਕਿਚਲੂ ਨਗਰ ਦੁਸਹਿਰਾ ਗਰਾਊਂਡ, ਮਿੱਢਾ ਚੌਂਕ ਜਵਾਹਰ ਕੈਂਪ ਅਤੇ ਸ਼ਾਮ ਨਗਰ ਫਾਟਕ ਸੁਨੇਤ ਐਲ ਬਲਾਕ ਭਾਈ ਰਣਧੀਰ ਸਿੰਘ ਨਗਰ ਵਿੱਚ ਕੀਤਾ ਗਿਆ। ਇਸ ਮੌਕੇ ਐਡਵਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਾਸੀਆ ਦੀ ਫ਼ਿਕਰ ਹੈ ਜਦਕਿ ਕਾਂਗਰਸ ਜਦੋਂ ਵੀ ਸੱਤਾ ਵਿੱਚ ਆਈ ਹੈ, ਉਸ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ ਸਗੋਂ ਪੰਜਾਬ ਨੂੰ ਤਬਾਹੀ ਵੱਲ ਧੱਕਿਆ ਹੈ। ਇਸ ਮੌਕੇ ਵਿੱਕੀ ਜੈਸਵਾਲ, ਰਾਮ ਗੁਪਤਾ, ਪ੍ਰਿੰਸ ਭੰਡਾਰੀ, ਸੰਦੀਪ ਵਧਵਾ, ਰਕੇਸ਼ ਜੱਗੀ, ਸੰਜੀਵ ਸਚਦੇਵਾ ਸ਼ੇਰੂ ਅਤੇ ਸੰਜੀਵ ਪੁਰੀ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।