ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 6 ਅਕਤੂਬਰ
ਇੱਥੋਂ ਦੀ ਦਲੀਜ ਰੋਡ ਦੇ ਵਾਸੀਆਂ ਨੇ ਅੱਜ ਚਿਤਾਵਨੀ ਦਿੱਤੀ ਕਿ ਜੇ ਗਲੀਆਂ ਅਤੇ ਸੜਕਾਂ ’ਤੇ ਰੋਜ਼ਾਨਾ ਖੜ੍ਹਦੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਐਤਵਾਰ ਤੱਕ ਹੱਲ ਨਾ ਹੋਈ ਤਾਂ ਉਹ ਸੋਮਵਾਰ ਤੋਂ ਲਗਾਤਾਰ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਗੇ।
ਰਘਵੀਰ ਸਿੰਘ ਅਤੇ ਨਾਥੀ ਰਾਮ ਦੀ ਅਗਵਾਈ ਵਿੱਚ ਧਰਨੇ ’ਤੇ ਬੈਠੇ ਲੋਕਾਂ ਨੇ ਸਥਾਨਕ ਪੁਲੀਸ ਵੱਲੋਂ ਸਮਝਾਏ ਜਾਣ ’ਤੇ ਤਹਿਸੀਲਦਾਰ ਅਹਿਮਦਗੜ੍ਹ ਦੇ ਨਾਂ ਲਿਖੇ ਪੱਤਰ ਵਿੱਚ ਦੋਸ਼ ਲਗਾਇਆ ਕਿ ਨਗਰ ਕੌਂਸਲ ਅਹਿਮਦਗੜ੍ਹ ਅਤੇ ਪਿੰਡ ਛੰਨਾ ਦੀ ਪੰਚਾਇਤ ਅਧੀਨ ਪੈਂਦੇ ਖੇਤਰ ਵਿੱਚ ਸੀਵਰੇਜ ਦੀ ਸਫਾਈ ਦਾ ਬੁਰਾ ਹਾਲ ਹੈ। ਸਕੂਲਾਂ ਦੇ ਵਿਦਿਆਰਥੀਆਂ ਅਤੇ ਸਮਸ਼ਾਨਘਾਟ ਨਾਲ ਜਾਣ ਵਾਲਿਆਂ ਨੂੰ ਆਮ ਤੌਰ ’ਤੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਤਿੰਨ ਦਿਨਾਂ ਅੰਦਰ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤੇਜ ਕਰਨ ਲਈ ਮਜਬੂਰ ਹੋਣਗੇ। ਸਰਪੰਚ ਛੰਨਾ ਰਛਪਾਲ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿੰਡ ਦੇ ਹਿੱਸੇ ਵਿੱਚ ਪਏ ਸੀਵਰੇਜ ਦੀ ਪਾਈਪ ਨਗਰ ਕੌਂਸਲ ਦੇ ਸੀਵਰੇਜ ਦੇ ਵੱਡੇ ਪਾਈਪ ਵਿੱਚ ਮਿਲਦੀ ਹੈ। ਇਸ ਦੀ ਦੇਖਰੇਖ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ। ਉਂਜ ਜਿਹੜੀ ਸੜਕ ਉੱਪਰ ਜਿਆਦਾ ਪਾਣੀ ਇਕੱਠਾ ਹੁੰਦਾ ਹੈ ਉਹ ਪੀਡਬਲਿਊਡੀ ਅਧੀਨ ਪੈਂਦੀ ਹੈ।
ਅਧਿਕਾਰੀਆਂ ਨੂੰ ਕਾਰਵਾਈ ਲਈ ਕਿਹਾ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਏ ਜਾਣ ਤੋਂ ਬਾਅਦ ਪਾਣੀ ਦਾ ਨਿਕਾਸ ਕਰਵਾ ਦਿੱਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਮੌਕਾ ਦੇਖ ਕੇ ਜਲਦੀ ਤੋਂ ਜਲਦੀ ਲੋੜੀਂਦੀ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ।