ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਦੀ ਲਿਖੀ ਕਾਵਿ ਪੁਸਤਕ ‘ਖੈਰ ਪੰਜਾਂ ਪਾਣੀਆਂ ਦੀ’ ਦਾ ਚੋਥਾ ਵਿਸਤ੍ਰਿਤ ਸੰਸਕਰਨ ਪ੍ਰਕਾਸ਼ਿਤ ਕੀਤਾ ਗਿਆ। ਇਸ ਪੁਸਤਕ ਨੂੰ ਪੰਜਾਬ ਪੁਲੀਸ ਦੇ ਸਾਬਕਾ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਨੇ ਲੋਕ ਅਰਪਣ ਕਰਦਿਆਂ ਕਿਹਾ ਕਿ 1947 ’ਚ ਹੋਈ ਦੇਸ਼ ਵੰਡ ਨਾਲ ਸਬੰਧਤ ਸੰਵੇਦਨਸ਼ੀਲ ਸਾਹਿਤ ਨੂੰ ਵੱਧ ਤੋਂ ਵੱਧ ਪਸਾਰਿਆ ਤੇ ਸੰਚਾਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਕਤਲ ਹੋਏ ਦਸ ਲੱਖ ਪੰਜਾਬੀਆਂ ਨੂੰ ਯਾਦ ਕਰਨ ਦੇ ਨਾਲ ਨਾਲ ਉਨ੍ਹਾਂ ਮਰਜੀਵੜਿਆਂ ਨੂੰ ਯਾਦ ਕਰਨਾ ਬਣਦਾ ਹੈ, ਜੋ ਇਸ ਕਾਲੀ ਬੋਲੀ ਹਨ੍ਹੇਰੀ ਦੇ ਖ਼ਿਲਾਫ਼ ਉਦੋਂ ਵੀ ਡਟ ਕੇ ਖਲੋਤੇ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਨਹੀਂ ਹੋਣ ਦਿੱਤਾ। ਸ੍ਰੀ ਤੂਰ ਨੇ ਕਿਹਾ ਕਿ ਉਨ੍ਹਾਂ ਨੇ 1997 ’ਚ ਆਜ਼ਾਦੀ ਦੇ 50ਵੇਂ ਸਾਲ ਵੇਲੇ ਦੇਸ਼ ਵੰਡ ਨਾਲ ਸਬੰਧਤ ਕਹਾਣੀ ਤੇ ਵਾਰਤਾ ਸੰਗ੍ਰਹਿ ਆਲ੍ਹਣਿਉਂ ਡਿੱਗੇ ਬੋਟ’ ਸੰਪਾਦਿਤ ਕਰ ਕੇ ਪ੍ਰਕਾਸ਼ਿਤ ਕਰਵਾਇਆ ਸੀ ਪਰ ਹੁਣ ਫਿਰ ਇਸ ਦਾ ਸੋਧਿਆ ਰੂਪ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰਾਂਗਾ। ਇਸ ਮੌਕੇ ਸ੍ਰੀ ਤੂਰ ਨੇ ਤਿੰਨ ਡੀਪੀਆਰਓਜ਼ ਨਵਦੀਪ ਸਿੰਘ ਗਿੱਲ, ਇਕਬਾਲ ਸਿੰਘ ਅਤੇ ਅਮਨਪ੍ਰੀਤ ਮਨੌਲੀ ਨੂੰ ਪੁਸਤਕ ਦੀਆਂ ਕਾਪੀਆਂ ਭੇਟ ਕੀਤੀਆਂ।
ਸਾਰਿਆਂ ਦਾ ਧੰਨਵਾਦ ਕਰਦਿਆਂ ਪ੍ਰੋ. ਗਿੱਲ ਨੇ ਕਿਹਾ,‘‘ ਇਹ ਕਿਤਾਬ ਮੇਰੀ ਰੂਹ ਦੇ ਨੇੜੇ ਇਸ ਕਰ ਕੇ ਹੈ ਕਿ ਮੈਂ ਉਸ ਪਰਿਵਾਰ ਦਾ ਜਾਇਆ ਹਾਂ ਜੋ ਨਿੱਦੋਕੇ ਤੋਂ 1947 ’ਚ ਉਦੋਂ ਉੱਜੜ ਕੇ ਆਇਆ, ਜਦ ਰਾਵੀ ਦਰਿਆ ਦੇ ਇਸ ਬੰਨ੍ਹੇ ਸਾਡੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਚਿੜੀ ਪਰਿੰਦਾ ਵੀ ਨਹੀਂ ਸੀ ਜਾਣਦਾ।
ਪੀਏਯੂ ਵਿੱਚ ਚੱਲਿਆ ਰਚਨਾਵਾਂ ਦਾ ਦੌਰ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਦੇ ਸੰਚਾਰ ਕੇਂਦਰ ਅਤੇ ਪੀਏਯੂ ਸਾਹਿਤ ਸਭਾ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਦੇ ਸਹਿਯੋਗ ਨਾਲ ਸਾਵਣ ਕਵੀ ਦਰਬਾਰ ‘ਕਿਣ-ਮਿਣ’ ਸਿਰਲੇਖ ਹੇਠ ਲਗਵਾਇਆ ਗਿਆ। ਸੰਚਾਰ ਕੇਂਦਰ ਦੇ ਕਮੇਟੀ ਰੂਮ ਵਿੱਚ ਕਰਵਾਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸ਼ਾਮਲ ਹੋਏ। ਡਾ. ਰਿਆੜ ਨੇ ਆਪਣੀ ਸਵਾਗਤੀ ਟਿੱਪਣੀ ਵਿੱਚ ਪੀਏਯੂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਸ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕਵੀਆਂ ਜਸਵੰਤ ਜਫ਼ਰ, ਡਾ. ਹਰਪਾਲ ਭੱਟੀ, ਜਗਜੀਤ ਸੰਧੂ, ਜਗਦੀਪ, ਜਸਲੀਨ ਕੌਰ, ਜਸਪ੍ਰੀਤ ਕੌਰ ਫਲਕ, ਪਾਲੀ ਖਾਦਮ, ਪਰਮਜੀਤ ਸੋਹਲ, ਪ੍ਰਭਜੋਤ ਸੋਹੀ, ਰਵਿੰਦਰ ਰਵੀ, ਰਣਜੀਤ ਸਰਾਂਵਾਲੀ, ਵਾਹਿਦ ਅਤੇ ਮਨਦੀਪ ਲੁਧਿਆਣਾ ਨੇ ਆਪਣੀਆਂ ਕਵਿਤਾਵਾਂ ਦੀ ਛਹਬਿਰ ਲਾਈ।