ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਪਰੈਲ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅਮਰੀਕਾ ਵੱਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਕਹਾਣੀ ਪੁਸਤਕ ‘ਬਲੌਰੀ ਅੱਖ ਵਾਲਾ ਮੁੰਡਾ’ ਲੋਕ ਅਰਪਣ ਕੀਤੀ ਗਈ। ਸਮਾਗਮ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਡਾ. ਐੱਸਪੀ ਸਿੰਘ ਨੇ ਕਿਹਾ ਕਿ ਪਰਵੇਜ਼ ਸੰਧੂ ਦੀਆਂ ਕਹਾਣੀਆਂ ਵਿੱਚ ਮਨ ਦੀਆਂ ਬਾਰੀਕ ਪਰਤਾਂ ਦਾ ਲੇਖਾ ਜੋਖਾ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਵੇਜ਼ ਕਹਾਣੀ ਲਿਖਦੀ ਨਹੀਂ, ਪਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੂੰ ਪਾਕਿਸਤਾਨ ਵਿੱਚ ਆਸਿਫ਼ ਰਜ਼ਾ ਸ਼ਾਹਮੁਖੀ ਵਿੱਚ ਲਿਪੀਅੰਤਰ ਕਰ ਰਿਹਾ ਹੈ।
ਸਰੀ (ਕੈਨੇਡਾ) ਸਥਿਤ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਜੀਤ ਮਾਧੋਪੁਰੀ ਨੇ ਕਿਹਾ ਕਿ ਮੇਰਾ ਸੁਭਾਗ ਹੈ ਕਿ ਕਹਾਣੀਕਾਰ ਪਰਵੇਜ਼ ਸੰਧੂ ਦੀ ਪੁਸਤਕ ਦੇ ਲੋਕ ਸਮਰਪਣ ਵੇਲੇ ਮੈਂ ਪਰਵਾਸੀ ਸਾਹਿਤ ਅਧਿਐਨ ਕੇਂਦਰ ਲੁਧਿਆਣਾ ਵਿੱਚ ਹਾਜ਼ਰ ਹਾਂ।
ਕੇਂਦਰ ਦੀ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਇਸ ਕਹਾਣੀ ਪੁਸਤਕ ਬਾਰੇ ਨੇੜਲੇ ਭਵਿੱਖ ਵਿੱਚ ਵਿਚਾਰ ਗੋਸ਼ਟੀ ਵੀ ਕਰਵਾਈ ਜਾ ਰਹੀ ਹੈ।