ਡੀਪੀਐਸ ਬੱਤਰਾ
ਸਮਰਾਲਾ, 7 ਜੁਲਾਈ
ਬਿਜਲੀ ਸਪਲਾਈ ਦੇ ਨਾਕਸ ਪ੍ਰਬੰਧਾਂ ਤੋਂ ਤੰਗ ਆ ਕੇ ਸਮਰਾਲਾ ਹਲਕੇ ਵਿੱਚ ਪੈਂਦੇ ਘੁੰਗਰਾਲੀ ਬਿਜਲੀ ਘਰ ਨੂੰ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਘੇਰ ਲਿਆ।
ਪਾਵਰ ਗਰਿੱਡ ਦਾ ਘਿਰਾਓ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ, ਪਿਛਲੇ ਕਈ ਦਿਨਾਂ ਤੋਂ ਘਰੇਲੂ ਅਤੇ ਖੇਤੀ ਖੇਤਰ ਦੀ ਬਿਜਲੀ ਸਪਲਾਈ ਦਾ ਅਤਿ ਮਾੜਾ ਹਾਲ ਹੈ। ਇਲਾਕੇ ਦੇ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਦੇ ਨਾਕਸ ਪ੍ਰਬੰਧਾਂ ਕਰ ਕੇ ਪਿਛਲੇ ਮਹੀਨੇ ਲੋਕਾਂ ਨੇ ਇਕੱਠੇ ਹੋ ਕੇ ਲੁਧਿਆਣਾ-ਚੰਡੀਗੜ੍ਹ ਮਾਰਗ ਜਾਮ ਕੀਤਾ ਸੀ। ਉਸ ਮੌਕੇ ਐਕਸੀਅਨ ਨੇ ਭਰੋਸਾ ਦਿਵਾਇਆ ਸੀ ਕਿ ਖੇਤੀ ਖੇਤਰ ਅਤੇ ਘਰੇਲੂ ਬਿਜਲੀ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਜਾਵੇਗਾ।
ਬਿਜਲੀ ਘਰ ਅੱਗੇ ਧਰਨੇ ’ਤੇ ਬੈਠੇ ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਘਰੇਲੂ ਅਤੇ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਦੇ ਵੱਡੇ-ਵੱਡੇ ਕੱਟ ਲਾਏ ਜਾ ਰਹੇ ਹਨ। ਇਸ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਗਰਮੀ ਕਾਰਨ ਝੁਲਸ ਰਹੀ ਹੈ। ਵੱਡੀ ਗਿਣਤੀ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਬਿਜਲੀ ਪ੍ਰਬੰਧਾਂ ’ਚ ਸੁਧਾਰ ਹੋਣ ਤਕ ਘੁੰਗਰਾਲੀ ਗਰਿੱਡ ਨੂੰ ਘੇਰ ਕੇ ਰੱਖਿਆ ਜਾਵੇਗਾ।
ਇਸ ਮੌਕੇ ਬਿਜਲੀ ਬੋਰਡ ਦੇ ਐਕਸੀਅਨ ਰਾਜੇਸ਼ ਕੁਮਾਰ ਨੇ ਭਰੋਸਾ ਦਿਵਾਇਆ ਕਿ ਪੰਜਾਬ ਟ੍ਰਾਂਸਮਿਸ਼ਨ ਓਵਰਲੋਡ ਹੋਣ ਕਾਰਨ ਬੀਤੀ ਰਾਤ ਚਾਰ ਘੰਟੇ ਲਈ ਬਿਜਲੀ ਕੱਟ ਲਾਉਣੇ ਪਏ ਹਨ। ਇਸ ਸਬੰਧੀ ਉਨ੍ਹਾਂ ਦੀ ਪਟਿਆਲਾ ਦਫ਼ਤਰ ਗੱਲ ਹੋਈ ਹੈ, ਜਦੋਂ ਵੀ ਬਿਜਲੀ ਸਪਲਾਈ ਸਬੰਧੀ ਕੋਈ ਆਰਡਰ ਪ੍ਰਾਪਤ ਹੁੰਦਾ ਹੈ ਤਾਂ ਜਲਦੀ ਹੀ ਇਸ ਮੁਸ਼ਕਿਲ ਦਾ ਹੱਲ ਕੱਢ ਲਿਆ ਜਾਵੇਗਾ।
ਇਸ ਧਰਨੇ ਵਿੱਚ ਬਲਵੀਰ ਸਿੰਘ ਖੀਰਨੀਆਂ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਲਖਵੀਰ ਸਿੰਘ ਘਰਖਣਾ, ਗੁਰਜੀਤ ਸਿੰਘ, ਬਲਵੀਰ ਸਿੰਘ ਦਿਆਲਪੁਰਾ, ਗੁਰਜੰਟ ਸਿੰਘ, ਅਮਨ ਹੇਡੋਂ, ਗੁਰਜੀਤ ਸਿੰਘ, ਜਤਿੰਦਰ ਸਿੰਘ ਮੱਲ ਮਾਜਰਾ, ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ ਮਾਨ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਘਰਖਣਾ, ਸੁਰਮੁੱਖ ਸਿੰਘ ਭੰਗਲਾਂ ਆਦਿ ਹਾਜ਼ਰ ਸਨ।