ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਾਰਚ
ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਦੇ ਸੱਤ ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਲੁਧਿਆਣਾ ਡਾ. ਐਸਪੀ ਸਿੰਘ ਨੇ ਦੱਸਿਆ ਕਿ ਨਵੇਂ ਆਏ ਇਨ੍ਹਾਂ ਕੇਸਾਂ ਵਿੱਚੋਂ ਚਾਰ ਕੇਸ ਲੁਧਿਆਣਾ ਜ਼ਿਲ੍ਹੇ ਨਾਲ ਜਦੋਂਕਿ ਤਿੰਨ ਕੇਸ ਬਾਹਰਲੇ ਜ਼ਿਲ੍ਹਿਆਂ/ ਸੂਬਿਆਂ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 97.89 ਫ਼ੀਸਦ ਤੱਕ ਪਹੁੰਚ ਗਈ ਜੋ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਕਰੋਨਾ ਨੂੰ ਕਾਬੂ ਵਿੱਚ ਰੱਖਣ ਲਈ ਅੱਜ ਵੀ 2139 ਆਰਟੀਪੀਸੀਆਰ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਲਈ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਹੱਥਾਂ ਨੂੰ ਸਮੇਂ-ਸਮੇਂ ’ਤੇ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਹੈ ਕਿ ਮਾਸਕ ਦੀ ਸਹੀ ਵਰਤੋਂ ਕੀਤੀ ਜਾਵੇ।
ਦੂਜੇ ਪਾਸੇ, ਕਰੋਨਾ ਦਾ ਕਹਿਰ ਘਟਣ ਮਗਰੋਂ ਲੋਕ ਲਾਪਰਵਾਹ ਹੋਣ ਲੱਗੇ ਹਨ। ਬਾਜ਼ਾਰਾਂ ਵਿੱਚ ਦਿਨੋਂ ਦਿਨ ਵਧ ਰਹੀ ਭੀੜ ਵੱਲੋਂ ਕੋਵਿਡ ਹਦਾਇਤਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕਾਂ ਵਿੱਚੋਂ ਇਸ ਬਿਮਾਰੀ ਦੀ ਦਹਿਸ਼ਤ ਲਗਭਗ ਖ਼ਤਮ ਹੋ ਗਈ ਹੈ। ਸਥਾਨਕ ਚੌੜਾ ਬਾਜ਼ਾਰ, ਘੁਮਾਰ ਮੰਡੀ, ਸਰਾਫਾ ਬਾਜ਼ਾਰ, ਫੀਲਡ ਗੰਜ ਵਿੱਚ ਐਤਵਾਰ ਛੁੱਟੀ ਦਾ ਦਿਨ ਹੋਣ ਕਰ ਕੇ ਭੀੜ ਹੋਰਨਾਂ ਦਿਨਾਂ ਦੇ ਮੁਕਾਬਲੇ ਦੁੱਗਣੀ ਰਹੀ। ਇਸ ਦੌਰਾਨ ਵੱਡੀ ਗਿਣਤੀ ਲੋਕ ਬਿਨਾ ਮਾਸਕ, ਬਿਨਾਂ ਸਮਾਜਿਕ ਦੂਰੀ ਬਣਾਇਆਂ ਸੜਕਾਂ ’ਤੇ ਘੁੰਮਦੇ ਦੇਖੇ ਗਏ।