ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਅਕਤੂਬਰ
ਤਿਉਹਾਰਾਂ ਦੇ ਸੀਜ਼ਨ ’ਚ ਆਮ ਆਦਮੀ ਦੀ ਜੇਬ ’ਤੇ ਮਹਿੰਗਾਈ ਦੀ ਮਾਰ ਪਈ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਦੁੱਧ ਦੇ ਕੰਪਨੀਆਂ ਨੇ ਸਿੱਧੇ ਤੌਰ ’ਤੇ 2 ਰੁਪਏ ਲੀਟਰ ਦੁੱਧ ਵਧਾ ਦਿੱਤਾ ਹੈ। ਵੇਰਕਾ ਨੇ ਦੁੱਧ ਦੇ ਭਾਅ ਵਿੱਚ 2 ਰੁਪਏ ਦਾ ਵਾਧਾ ਕੀਤਾ ਹੈ, ਜੋ ਐਤਵਾਰ ਤੋਂ ਲਾਗੂ ਹੋਣੇਗਾ, ਜਦੋਂ ਕਿ ਅਮੂਲ ਨੇ ਅੱਜ ਤੋਂ ਹੀ ਦੁੱਧ ਦੇ ਭਾਅ ਵਿੱਚ 2 ਰੁਪਏ ਦਾ ਵਾਧਾ ਕਰ ਦਿੱਤਾ ਹੈ। ਵੇਰਕਾ ਦਾ ਅੱਧਾ ਲਿਟਰ ਵਾਲਾ ਪੀਲਾ ਪੈਕੇਟ 23 ਦੀ ਥਾਂ 24 ਅਤੇ ਹਰਾ ਪੈਕੇਟ 28 ਦੀ ਥਾਂ 29 ਰੁਪਏ ’ਚ ਮਿਲੇਗਾ। ਤਿਉਹਾਰੀ ਸੀਜ਼ਨ ਦੌਰਾਨ ਦੁੱਧ ਦੇ ਭਾਅ ’ਚ ਵਾਧਾ ਹੋਣ ਦਾ ਅਸਰ ਜਿੱਥੇ ਆਮ ਆਦਮੀ ’ਤੇ ਪਵੇਗਾ, ਉਥੇ ਹੀ ਇਸ ਨਾਲ ਬਣਨ ਵਾਲੇ ਉਤਪਾਦ ਵੀ ਮਹਿੰਗੇ ਹੋਣਗੇ। ਦੁੱਧ ਦਾ ਰੇਟ ਵੱਧਣ ਤੋਂ ਬਾਅਦ ਇਸ ਦਾ ਸਿੱਧਾ ਅਸਰ ਮਠਿਆਈਆਂ ’ਤੇ ਪਵੇਗਾ। ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਕਿਹਾ ਮਠਿਆਈਆਂ ’ਚ ਦੁੱਧ ਸਭ ਤੋਂ ਅਹਿਮ ਹੈ। ਵੇਰਕਾ ਸਣੇ ਨਾਮੀ ਕੰਪਨੀਆਂ ਵੱਲੋਂ ਦੱਧ ਦਾ ਭਾਅ ਵਧਾਏ ਜਾਣ ਮਗਰੋਂ ਇਸ ਦਾ ਅਸਰ ਬਾਜ਼ਾਰ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਦੁੱਧ ਦੇ ਬਾਅ ਵਧਣ ਨਾਲ ਇਸ ਦੀ ਉਪਲੱਬਧਤਾ ਨਾ ਹੋਣਾ ਵੀ ਇਸ ਸਮੇਂ ਸਮੱਸਿਆ ਦਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਕੰਪਨੀਆਂ ਵੱਲੋਂ ਸੁੱਕੇ ਦੁੱਧ ਦੇ ਭਾਅ ਵਿੱਚ ਵੀ ਵਾਧਾ ਕਰ ਦਿੱਤਾ ਜਾਵੇਗਾ, ਜੋ ਮੰਗ ਦੀ ਪੂਰਤੀ ਲਈ ਨਾਕਾਫ਼ੀ ਹੋਵੇਗਾ।