ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 7 ਅਗਸਤ
ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਮੌਕੇ ਝੰਡਾ ਚੜ੍ਹਾਉਣ ਤੇ ਫਹਿਰਾਉਣ ਦੇ ਫਰਕ ਬਾਰੇ ਜ਼ਿਆਦਾਤਰ ਪ੍ਰਬੰਧਕਾਂ ਨੂੰ ਪਤਾ ਨਹੀਂ। ਆਪਣੇ ਕਾਰਜਕਾਲ ਵੇਲੇ ਕਈ ਵਾਰ ਕੌਮੀ ਸਮਾਗਮਾਂ ਦੀ ਅਗਵਾਈ ਕਰ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਮੰਤਰੀ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਲੀਲ ਦਿੱਤੀ ਕਿ ਦੋਵੇਂ ਮੌਕਿਆਂ ’ਤੇ ਆਜ਼ਾਦੀ ਦੀ ਜੰਗ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾ ਭੇਟ ਕਰਨ ਲਈ ਝੰਡਾ ਚੜ੍ਹਾਇਆ ਜਾਂਦਾ ਹੈ। ਸਮਾਜਿਕ ਆਗੂ ਰਾਜੇਸ਼ ਸ਼ਰਮਾ ਨੇ ਮੰਨਿਆ ਕਿ ਉਹ ਕਈ ਵਾਰ ਕੌਮੀ ਸਮਾਗਮਾਂ ਵੇਲੇ ਝੰਡਾ ਚੜ੍ਹਾ ਚੁੱਕੇ ਹਨ ਪਰ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਵਿੱਚ ਉਨ੍ਹਾਂ ਨੂੰ ਕਦੇ ਕੋਈ ਫਰਕ ਨਹੀਂ ਲੱਗਿਆ। ਉਨ੍ਹਾਂ ਦਲੀਲ ਦਿੱਤੀ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਰ ਕੌਮੀ ਦਿਵਸ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੇ ਨੇਮਾਂ ਬਾਰੇ ਪ੍ਰਬੰਧਕਾਂ ਨੂੰ ਜਾਗਰੂਕ ਕੀਤਾ ਜਾਵੇ। ਹੁਣ ਤੱਕ ਕਈ ਵਾਰ ਸਰਕਾਰੀ ਤੌਰ ’ਤੇ ਮਨਾਏ ਗਏ ਸਮਾਗਮਾਂ ਦਾ ਪ੍ਰਬੰਧ ਕਰ ਚੁੱਕੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਦੋਵੇਂ ਮੌਕਿਆਂ ’ਤੇ ਝੰਡਾ ਚੜ੍ਹਾਉਣ ਅਤੇ ਲਹਿਰਾਉਣ ਦੇ ਫਰਕ ਦਾ ਗਿਆਨ ਨਹੀਂ ਸੀ। ਦਿਲਚਸਪ ਗੱਲ ਇਹ ਦੇਖੀ ਗਈ ਗਈ ਕਿ ਝੰਡਾ ਤਿਆਰ ਕਰਵਾਉਣ ਲਈ ਜ਼ਿਆਦਾਤਰ ਪ੍ਰਬੰਧਕ ਦਰਜਾ ਚਾਰ ਮੁਲਾਜ਼ਮਾਂ ’ਤੇ ਨਿਰਭਰ ਕਰਦੇ ਹਨ।
ਝੰਡਾ ਲਹਿਰਾਉਣ ’ਚ ਫ਼ਰਕ…
ਪ੍ਰਾਪਤ ਜਾਣਕਾਰੀ ਅਨੁਸਾਰ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਫਲੈਗ ਪੋਸਟ ਦੇ ਹੇਠਲੇ ਹਿੱਸੇ ਤੋਂ ਉੱਪਰ ਵੱਲ ਲਿਜਾ ਕੇ ਚੜ੍ਹਾਇਆ ਜਾਂਦਾ ਹੈ, ਜੋ ਕਿ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦੀ ਲੈਣ ਦਾ ਪ੍ਰਤੀਕ ਹੈ। ਗਣਤੰਤਰ ਦਿਵਸ ਮੌਕੇ ਇਹ ਝੰਡਾ ਪਹਿਲਾਂ ਹੀ ਫਲੈਗ ਪੋਸਟ ਦੇ ਉੱਪਰਲੇ ਹਿੱਸੇ ਨਾਲ ਬੰਨ੍ਹਿਆ ਜਾਂਦਾ ਹੈ ਅਤੇ ਫਹਿਰਾਇਆ ਜਾਂਦਾ ਹੈ ਜੋ ਕਿ ਪਹਿਲਾਂ ਹੀ ਆਜ਼ਾਦ ਹੋਣ ਦਾ ਸੁਨੇਹਾ ਦਿੰਦਾ ਹੈ।