ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਫਰਵਰੀ
ਸਮੇਂ ਨੇ ਸਿਰਫ ਸਿਆਸੀ ਆਗੂ ਹੀ ‘ਸਿਆਣੇ’ ਨਹੀਂ ਕੀਤੇ ਸਗੋਂ ਉਨ੍ਹਾਂ ਦੀ ਦੇਖਾ-ਦੇਖੀ ਲੋਕ ਵੀ ਹੁਣ ਨਫ਼ਾ ਨੁਕਸਾਨ ਸੋਚਣ ਲੱਗੇ ਹਨ। ਚੋਣਾਂ ਮੌਕੇ ਘਰਾਂ ’ਤੇ ਵੱਖ-ਵੱਖ ਪਾਰਟੀਆਂ ਦੀਆਂ ਝੰਡੀਆਂ ਦਾ ਹੋਣਾ ਆਮ ਗੱਲ ਸੀ। ਪਿੰਡਾਂ ’ਚ ਤਾਂ ਤਕਰੀਬਨ ਹਰ ਘਰ ’ਤੇ ਹੀ ‘ਤੱਕੜੀ’ ਜਾਂ ‘ਪੰਜੇ’ ਦੀ ਝੰਡੀ ਹੋਇਆ ਕਰਦੀ ਸੀ। ਫਿਰ ਜਦੋਂ ਪੰਜਾਬ ’ਚ ਆਮ ਆਦਮੀ ਪਾਰਟੀ ਆਈ ਤਾਂ ‘ਝਾੜੂ’ ਦੇ ਝੰਡੇ ਤੇ ਪੋਸਟਰ ਵੀ ਘਰਾਂ ਦੀਆਂ ਛੱਤਾਂ ਅਤੇ ਗੇਟਾਂ ’ਤੇ ਦਿਖਣ ਲੱਗੇ। ਐਤਕੀਂ ਪਹਿਲੀ ਵਾਰ ਹੋਵੇਗਾ ਕਿ ਪਿੰਡਾਂ ’ਚ ਲੋਕਾਂ ਦੇ ਘਰ ਇਨ੍ਹਾਂ ਝੰਡੀਆਂ ਤੋਂ ਸੁੰਨੇ ਦਿਖਾਈ ਦਿੰਦੇ ਹਨ। ਸਿਰਫ ਘਰਾਂ ’ਤੇ ਹੀ ਨਹੀਂ ਵਾਹਨਾਂ ਤੋਂ ਵੀ ਇਹ ਝੰਡੀਆਂ ਗਾਇਬ ਹਨ। ਕੋਈ ਸਮਾਂ ਸੀ ਜਦੋਂ ਟਰੈਕਟਰਾਂ ’ਤੇ ਝੰਡੀਆਂ ਦੇਖ ਕੇ ਲੋਕਾਂ ਦਾ ਪਤਾ ਲੱਗ ਜਾਂਦਾ ਸੀ ਕਿ ਅਕਾਲੀ ਹੈ ਜਾਂ ਕਾਂਗਰਸੀ। ਪਿਛਲੇ ਸਮੇਂ ’ਚ ਵੱਡੀ ਪੱਧਰ ’ਤੇ ਦਲ-ਬਦਲੀ ਦਾ ਸ਼ਾਇਦ ਅਸਰ ਹੈ ਕਿ ਲੋਕ ਵੀ ਲੀਡਰਾਂ ਵਾਂਗ ਸਿਆਣਪ ਦਿਖਾਉਣ ਲੱਗੇ ਹਨ। ਇਸ ਤੋਂ ਇਲਾਵਾ ਇਕ ਸਾਲ ਤੋਂ ਵੱਧ ਸਮਾਂ ਚੱਲੇ ਕਿਸਾਨ ਸੰਘਰਸ਼ ਨੇ ਵੀ ਲੋਕਾਂ ਨੂੰ ਇਹ ਸੋਝੀ ਬਖ਼ਸ਼ੀ ਹੈ। ਇਹ ‘ਚੁੱਪ ਵੋਟ’ ਕਿਸ ਪਾਸੇ ਭੁਗਤੇਗੀ ਹੁਣ ਕਿਆਸ ਲਗਾਏ ਜਾ ਰਹੇ ਹਨ। ਵੋਟਰਾਂ ਵੱਲੋਂ ਚੁੱਪ ਵੱਟ ਕੇ ਵੋਟ ਪਾਉਣ ਨੂੰ ਦਿੱਤੀ ਜਾ ਰਹੀ ਤਰਜੀਹ ਤੋਂ ਸਿਆਸੀ ਧਿਰਾਂ ਦੇ ਉਮੀਦਵਾਰ ਅੰਦਰੋਂ ਡਰੇ ਵੀ ਹੋਏ ਹਨ। ਬਦਲੇ ਸਿਆਸੀ ਸਮੀਕਰਨਾਂ ਅਤੇ ਵੋਟਰਾਂ ’ਚ ਰਾਜਨੀਤਕ ਸੂਝ ਵਧਣ ਕਰਕੇ ਲੋਕ ਕਿਸੇ ਵੀ ਰਾਜਨੀਤਕ ਪਾਰਟੀ ਦੇ ਆਗੂ ਨਾਲ ਨਾਰਾਜ਼ਗੀ ਸਹੇੜਨ ਦੀ ਬਜਾਏ ਹਰੇਕ ਆਗੂ ਨੂੰ ਖ਼ੁਸ਼ ਰੱਖਣ ਦੀ ਨੀਤੀ ਅਪਣਾ ਰਹੇ ਹਨ।
ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਅਕਾਲੀ ਉਮੀਦਵਾਰ ਨੇ ਲਾਈ ਝੰਡੀ
ਹਲਕੇ ਅੰਦਰ ਅਕਾਲੀ ਦਲ ਨੇ ਇਕੋ ਦਿਨ ਵਿਸ਼ੇਸ਼ ਯਤਨਾ ਨਾਲ ਘਰਾਂ ’ਤੇ ਤੱਕੜੀ ਨਿਸ਼ਾਨ ਵਾਲੀਆਂ ਕੇਸਰੀ ਝੰਡੀਆਂ ਲਾਈਆਂ। ਇਸ ਦੀ ਸ਼ੁਰੂਆਤ ਅਕਾਲੀ ਉਮੀਦਵਾਰ ਐੱਸਆਰ ਕਲੇਰ ਨੇ ਆਪਣੀ ਕੋਠੀ ’ਤੇ ਝੰਡੀ ਲਗਾ ਕੇ ਕੀਤੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਕੰਵਲਜੀਤ ਸਿੰਘ ਮੱਲ੍ਹਾ, ਦੀਦਾਰ ਸਿਘ ਮਲਕ, ਚੰਦ ਸਿੰਘ ਡੱਲਾ ਸਮੇਤ ਹੋਰਨਾਂ ਅਕਾਲੀ ਆਗੂਆਂ ਨੇ ਵੀ ਘਰਾਂ ’ਤੇ ਇਹ ਝੰਡੀਆਂ ਲਾਈਆਂ। ਪਾਰਟੀ ਕਾਡਰ ਤੇ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਇਸ ਉਪਰਾਲੇ ਦਾ ਆਮ ਲੋਕਾਂ ’ਤੇ ਕੀ ਅਸਰ ਹੁੰਦਾ ਹੈ, ਇਹ ਅਗਲੇ ਦਿਨਾਂ ’ਚ ਪਤਾ ਲੱਗ ਜਾਵੇਗਾ।