ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅਫ਼ਸਰਸ਼ਾਹੀ ਬੇਲਗਾਮ ਹੋ ਕੇ ਲੋਕਾਂ ਨਾਲ ਕਥਿਤ ਲੁੱਟ ਖਸੁੱਟ ਕਰ ਰਹੀ ਹੈ ਜਿਸ ਕਾਰਨ ਅੱਜ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹੋ ਕੇ ‘ਆਪ’ ਹੱਥ ਸੱਤਾ ਸੌਂਪਣ ਦੇ ਫ਼ੈਸਲੇ ‘ਤੇ ਪਛਤਾ ਰਿਹਾ ਹੈ।
ਉਹ ਅੱਜ ਸ਼ੇਰਪੁਰ ਵਿੱਖੇ ਦਾਨਵ ਸਿੰਗਲਾ ਦੇ ਦਫ਼ਤਰ ਵਿੱਚ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ ਆਮ ਜਨਤਾ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਖੱਜਲ ਖੁਆਰ ਹੋ ਰਹੀ ਹੈ ਕਿਉਂਕਿ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤਖੋਰੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਚੁਣੇ ਹੋਏ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆਪਣੀ ਡਿਊਟੀ ਕਰਨ ਦੀ ਬਜਾਏ ਅਫ਼ਸਰਾਂ ਨਾਲ ਗੰਢ-ਤੁੱਪ ਕਰਨ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਛੋਟਾ ਅਤੇ ਮੱਧzwnj; ਵਰਗੀ ਤਬਕਾ ਅਫ਼ਸਰਸ਼ਾਹੀ ਵਿੱਚ ਪੀਸਿਆ ਜਾ ਰਿਹਾ ਹੈ।
ਬੈਂਸ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਜਨਤਾ ਨੇ ਝਾੜੂ ਨੂੰ ਵੋਟ ਨਾ ਪਾਉਣ ਦਾ ਮਨ ਬਣਾ ਲਿਆ ਹੈ ਅਤੇ ਜਨਤਾ ਲੋਕ ਇਨਸਾਫ਼ ਪਾਰਟੀ ਨੂੰ ਯਾਦ ਕਰ ਰਹੀ ਹੈ ਜਿਸ ਨੇ ਰਾਜ ਦੇ ਸਰਕਾਰੀ ਅਦਾਰਿਆਂ ਅੰਦਰ ਰਿਸ਼ਵਤਖੋਰੀ ਨੂੰ ਨੱਥ ਪਾਈ ਸੀ।zwnj; ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ।