ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਦੇੇਸ਼ ਭਰ ਵਿੱਚ ਅੱਜ ਦੋ ਘੰਟੇ ਤੋਂ ਵੱਧ ਸਮਾਂ ਵਟਸਐਪ ਬੰਦ ਰਹਿਣ ਨਾਲ ਲੁਧਿਆਣਾ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਟਸਐਪ ਬੰਦ ਹੋ ਜਾਣ ਨਾਲ ਲੋਕਾਂ ਦੇ ਸਾਹ ਸੂਤੇ ਰਹੇ ਕਿਉਂਕਿ ਇਸ ਦੌਰਾਨ ਨਾ ਤਾਂ ਕੋਈ ਸੁਨੇਹਾ ਜਾ ਰਿਹਾ ਸੀ ਅਤੇ ਨਾ ਹੀ ਕੋਈ ਸੁਨੇਹਾ ਆ ਰਿਹਾ ਸੀ। ਵਟਸਐਪ ਬੰਦ ਰਹਿਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹੋਏ ਕਿਉਂਕਿ ਇਸ ਬਾਰੇ ਲੋਕਾਂ ਨੂੰ ਕੋਈ ਜਾਣਕਾਰੀ ਵੀ ਨਹੀਂ ਸੀ ਮਿਲ ਰਹੀ।
ਇਸ ਦੌਰਾਨ ਲੋਕਾਂ ਨੇ ਇਕ ਦੂਜੇ ਨੂੰ ਮੋਬਾਈਲ ਫੋਨ ਕਰਕੇ ਵਟਸਐਪ ਦੀ ਸਮੱਸਿਆ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਜਾਣਕਾਰੀ ਨਾ ਮਿਲਣ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਵਧੀ। ਵਟਸਐਪ ਬੰਦ ਹੋਣ ਨਾਲ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਆਈ ਅਤੇ ਉਹ ਇਕ ਦੂਜੇ ਨਾਲ ਇਸ ਬਾਰੇ ਸੂਚਨਾ ਸਾਂਝੀਆਂ ਕਰਦੀਆਂ ਰਹੀਆਂ। ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਵਟਸਐਪ ਠੀਕ ਹੋਣ ’ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ।