ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਗਸਤ
ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਵਿਕਾਸ ਦੇ ਕੰਮ ਜ਼ੋਰ ਫੜਦੇ ਜਾ ਰਹੇ ਹਨ। ਸਥਾਨਕ ਟਿੱਬਾ ਰੋਡ ’ਤੇ ਵੀ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਤਾਜਪੁਰ ਨੂੰ ਟਿੱਬਾ ਰੋਡ ਨਾਲ ਜੋੜਨ ਵਾਲੀ ਕੁਝ ਹਫਤੇ ਪਹਿਲਾਂ ਬਣੀ ਨਵੀਂ ਸੜਕ ’ਤੇ ਉੱਡਦੀ ਧੂੜ ਨੇ ਲੋਕਾਂ ਨੂੰ ਪਿੰਡਾਂ ਦੀਆਂ ਕੱਚੀਆਂ ਸੜਕਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਸੜਕ ’ਤੇ ਮਿੱਟੀ/ਬੱਜਰੀ ਦੇ ਆਰਜ਼ੀ ਬਣ ਚੁੱਕੇ ਸਪੀਡ ਬ੍ਰੇਕਰਾਂ ਕਾਰਨ ਖੜਕਦੀਆਂ ਗੱਡੀਆਂ, ਟੁੱਟੀਆਂ ਸੜਕਾਂ ’ਤੇ ਚੱਲਦੀਆਂ ਹੋਣ ਦਾ ਭੁਲੇਖਾ ਪਾਉਂਦੀਆਂ ਹਨ। ਜਾਣਕਾਰੀ ਅਨੁਸਾਰ ਉਕਤ ਨਵੀਂ ਸੜਕ ਲੁੱਕ ਵਾਲੀ ਸੜਕ ਪੁੱਟ ਕੇ ਸੀਮਿੰਟ ਨਾਲ ਤਿਆਰ ਕੀਤੀ ਗਈ ਹੈ। ਇਸ ਸੜਕ ਨੂੰ ਬਣਿਆਂ ਕਰੀਬ ਦੋ-ਤਿੰਨ ਹਫਤੇ ਹੀ ਹੋਏ ਹਨ। ਟਿੱਬਾ ਰੋਡ ’ਤੇ ਲਗਪਗ ਸਾਰੇ ਪਾਸੇ ਹੀ ਅਜਿਹੀਆਂ ਸੜਕਾਂ ਬਣਦੀਆਂ ਹੋਣ ਕਰਕੇ ਤਾਜਪੁਰ-ਟਿੱਬਾ ਰੋਡ ਵਾਲੀ ਸੜਕ ਨੂੰ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ। ਇਸ ਸੜਕ ’ਤੇ ਸੀਮਿੰਟ ਨੂੰ ਪਕਾਉਣ ਲਈ ਮਿੱਟੀ ਸੁੱਟ ਕੇ ਪਾਣੀ ਖੜ੍ਹਾ ਕੀਤਾ ਗਿਆ ਸੀ। ਭਾਵੇਂ ਬਾਅਦ ਵਿੱਚ ਟਰੈਕਟਰ ਦੀ ਮਦਦ ਨਾਲ ਸੜਕ ’ਤੇ ਪਈ ਕਾਫੀ ਮਿੱਟੀ ਚੁੱਕ ਦਿੱਤੀ ਗਈ ਪਰ ਅਜੇ ਵੀ ਕਈ ਥਾਵਾਂ ’ਤੇ ਮੀਂਹ ਕਾਰਨ ਮਿੱਟੀ ਅਤੇ ਬੱਜਰੀ ਜੰਮੀ ਹੋਈ ਹੈ। ਸੜਕ ਦਾ ਬਹੁਤ ਸਾਰਾ ਹਿੱਸਾ ਅਜਿਹਾ ਹੈ ਜਿੱਥੋਂ ਗੱਡੀਆਂ ਲੰਘਣ ’ਤੇ ਧੂੜ ਉਡਦੀ ਹੈ। ਇਸ ਧੂੜ ਨਾਲ ਜਿੱਥੇ ਸੜਕ ਦੇ ਆਲੇ-ਦੁਆਲੇ ਦੇ ਦੁਕਾਨਦਾਰ ਦੁਖੀ ਹਨ ਉੱਥੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਤੋਂ ਇਸ ਮਿੱਟੀ/ਬੱਜਰੀ ਨੂੰ ਜਲਦੀ ਚੁੱਕਿਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਸੁੱਖ ਦਾ ਸਾਹ ਮਿਲ ਸਕੇ।