ਪੱਤਰ ਪ੍ਰੇਰਕ
ਪਾਇਲ, 11 ਸਤੰਬਰ
ਪਾਇਲ ਤੋਂ ਬੀਜਾ ਨੂੰ ਜਾਣ ਵਾਲੀ ਮੁੱਖ ਸੜਕ ਦੇ ਦੋਵੇਂ ਕੰਢਿਆਂ ’ਤੇ ਉੱਗੀਆਂ ਹੋਈਆਂ ਝਾੜੀਆਂ ਤੋਂ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਚਿੱਟੇ ਰੰਗ ਦੀ ਪੱਟੀ ਲਗਾਈ ਹੁੰਦੀ ਹੈ, ਸੰਘਣੀ ਧੁੰਦ ਦੌਰਾਨ ਵਾਹਨ ਚਾਲਕਾਂ ਲਈ ਮਦਦਗਾਰ ਹੁੰਦੀ ਹੈ, ਪਰ ਸੜਕ ਦੇ ਆਲੇ ਦੁਆਲੇ ਜੰਗਲਾਤ ਵਿਭਾਗ ਵੱਲੋਂ ਲਾਏ ਦਰੱਖਤਾਂ ਦੀਆਂ ਸੜਕ ਵੱਲ ਨੂੰ ਵਧੀਆਂ ਹੋਈਆਂ ਟਾਹਣੀਆਂ, ਘਾਹ-ਫੂਸ ਝਾੜੀਆਂ ਅਤੇ ਭੰਗ ਦੇ ਖੜੇ ਬੂਟਿਆਂ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਹ ਪੱਟੀ ਨਜ਼ਰ ਨਹੀਂ ਆਉਂਦੀ। ਵਧੀਆਂ ਹੋਈਆਂ ਟਾਹਣੀਆਂ ਵੀ ਦੋਪਹੀਆ ਵਾਹਨ ਚਾਲਕਾਂ ਦੇ ਅੱਖ ਮੂੰਹਾਂ ’ਤੇ ਵੱਜਦੀਆਂ ਹਨ। ਇਥੋਂ ਤੱਕ ਕਿ ਸੜਕ ਮਹਿਕਮੇ ਵੱਲੋਂ ਥਾਂ-ਥਾਂ ਤੇ ਲਗਾਏ ਸਾਈਨ ਬੋਰਡ ਵੀ ਝਾੜੀਆਂ ਵਿੱਚ ਲੁੱਕੇ ਪਏ ਹਨ।
ਲੋਕ ਜਗਾਓ ਮੰਚ ਪਾਇਲ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਦੱਸਿਆ ਕਿ ਸੜਕ ਦੇ ਦੋਵਾਂ ਪਾਸਿਆਂ ਤੋਂ ਜੰਗਲਾਤ ਵਿਭਾਗ ਵੱਲੋਂ ਕਾਫੀ ਸਮੇਂ ਤੋਂ ਸਫ਼ਾਈ ਨਹੀਂ ਕਰਵਾਈ ਗਈ। ਇਸ ਸਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਇਸ ਸੜਕ ਦਾ ਕੰਮ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀ ਹੈ, ਪਰ ਉਹ ਇਨਸਾਨੀਅਤ ਤੌਰ ’ਤੇ ਇਸ ਸਮੱਸਿਆਂ ਦਾ ਹੱਲ ਜਲਦ ਕਰਵਾਉਣ ਦੀ ਕੋਸ਼ਿਸ ਕਰਨਗੇ।