ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਅਕਤੂਬਰ
ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਏਸ਼ੀਆ ਦੀ ਦੂਜੀ ਵੱਡੀ ਸਬਜ਼ੀ ਮੰਡੀ ਦੀ ਦਿੱਖ ਸੰਵਾਰਨ ਲਈ ਬਣਾਈ ਨਵੀਂ ਸਬਜ਼ੀ ਮੰਡੀ ਅਧਿਕਾਰੀਆਂ ਦੀ ਮਿਹਰਬਾਨੀ ਨਾਲ ਕੂੜੇ ਦਾ ਢੇਰ ਬਣ ਗਈ ਹੈ। ਪੁਰਾਣੀ ਸਬਜ਼ੀ ਮੰਡੀ ਨੇੜੇ ਨਿਊ ਮਾਡਲ ਟਾਊਨ ਇਲਾਕੇ ਵਿੱਚ ਲੱਖਾਂ ਰੁਪਏ ਖਰਚ ਕੇ ਸਫ਼ਾਈ ਕਰਵਾਉਣ ਮਗਰੋਂ ਨਵੀਂ ਮੰਡੀ ਦੀ ਉਸਾਰੀ ਕੀਤੀ ਗਈ ਸੀ।
ਨਵੀਂ ਸਬਜ਼ੀ ਮੰਡੀ ਵਿੱਚ ਅਧਿਕਾਰੀਆਂ ਦੇ ਅਵੇਸਲੇਪਨ ਕਾਰਨ ਕੰਮ ਅਧੂਰਾ ਪਿਆ ਹੈ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਜਾਣਕਾਰੀ ਅਨੁਸਾਰ ਮੰਡੀ ਦੀ ਸਫ਼ਾਈ ਲਈ ਮਾਰਕੀਟ ਕਮੇਟੀ ਨੇ ਅਪਰੈਲ ਮਹੀਨੇ ਠੇਕਾ ਦਿੱਤਾ ਸੀ। ਠੇਕੇਦਾਰਾਂ ਨੇ ਅਜੇ ਤੱਕ ਮੰਡੀ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਵੀ ਠੇਕੇਦਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਵਾਰਡ ਨੰਬਰ-13 ਦੀ ਅਕਾਲੀ ਕੌਂਸਲਰ ਜਸਦੀਪ ਕੌਰ ਯਾਦੂ ਨੇ ਕਿਹਾ ਕਿ ਲੋਕ ਗੰਦਗੀ ਦੀ ਸਮੱਸਿਆ ਤੋਂ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਮਾਰਕੀਟ ਕਮੇਟੀ ਨੂੰ ਸਫਾਈ ਵਿਵਸਥਾ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਵਾਰਡ ਨੰਬਰ-12 ਦੇ ਕਾਂਗਰਸੀ ਕੌਂਸਲਰ ਗੁਰਮੀਤ ਨਾਗਪਾਲ ਨੇ ਕਿਹਾ ਕਿ ਇਹ ਮੰਡੀ ਉਨ੍ਹਾਂ ਦੇ ਵਾਰਡ ਨੇੜੇ ਹੈ, ਜਿੱਥੇ ਕੂੜੇ ਦੀ ਬਦਬੂ ਕਾਰਨ ਹਰ ਸਮੇਂ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਸਫ਼ਾਈ ਸਬੰਧੀ ਕੰਮ ਜਲਦੀ ਸ਼ੁਰੂ ਕਰਵਾਂਗੇ: ਸਕੱਤਰ
ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਕਿਹਾ ਕਿ ਕਰੀਬ ਇਕ ਕਰੋੜ ਖਰਚ ਕਰਕੇ ਸਬਜ਼ੀ ਮੰਡੀ ਬਣਾਈ ਜਾ ਰਹੀ ਹੈ, ਜਿਸ ਦਾ ਹਾਲੇ ਕੰਮ ਚੱਲ ਰਿਹਾ ਹੈ। ਮੰਡੀ ਵਿਚ ਰੇਹੜੀਆਂ ਖ਼ਤਮ ਕਰਕੇ ਇੱਥੇ ਫੜ੍ਹੀਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਦਾ ਠੇਕਾ ਦਿੱਤਾ ਗਿਆ ਹੈ, ਜਿਸ ਸਬੰਧੀ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।