ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਕਮੇਟੀ ਵੱਲੋਂ ਜਥੇਬੰਦੀ ਦੇ ਕਨਵੀਨਰਾਂ ਬਖਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾ ਸਮਰਾਲਾ, ਠਾਕੁਰ ਸਿੰਘ, ਅਜੀਤ ਸਿੰਘ ਸੋਢੀ, ਕੁਲਵਰਨ ਸਿੰਘ ਦੇ ਸੱਦੇ ’ਤੇ ਅੱਜ ਪੈਨਸ਼ਨਰ ਭਵਨ ਲੁਧਿਆਣਾ ਵਿੱਚ ਪੈਨਸ਼ਨਰਜ਼ ਮਹਾਂ ਪੰਚਾਇਤ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਬਖਸ਼ੀਸ਼ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ 1 ਜਨਵਰੀ 2016 ਤੋਂ ਪੈਨਸ਼ਨ ਸੋਧ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ’ਤੇ ਵਿਸ਼ੇਸ਼ ਚਰਚਾ ਹੋਈ। ਇਸ ਦੇ ਨਾਲ ਹੀ ਯਾਤਰੀ ਭੱਤਾ ਬਰਕਰਾਰ ਰੱਖਣ ਦੀ ਸਿਫਾਰਸ਼ ਕੀਤੀ ਗਈ। ਮੈਡੀਕਲ ਭੱਤਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰਨ ਦੀ ਪੇਅ ਕਮਿਸ਼ਨ ਨੇ ਤਜਵੀਜ਼ ਦਿੱਤੀ ਹੋਈ ਹੈ ਪਰ ਪੇਅ ਕਮਿਸ਼ਨ ਦੀਆਂ ਸਪੱਸ਼ਟ ਤਜਵੀਜ਼ਾਂ ਅਤੇ ਵਿੱਤ ਵਿਭਾਗ ਦੀ ਸਹਿਮਤੀ ਹੋਣ ਦੇ ਬਾਵਜੂਦ ਪੈਨਸ਼ਨਰਾਂ ਦੀ ਪੈਨਸ਼ਨ ਸੋਧਣ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਰਿਹਾ ਹੈ। ਇਸ ਨਾਲ ਪੈਨਸ਼ਨਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਵਜੋਂ ਫੈਸਲਾ ਲਿਆ ਗਿਆ ਕਿ 27 ਅਗਸਤ ਨੂੰ ਮੁਹਾਲੀ ਵਿੱਚ ਵਾਈਪੀਐੱਸ ਚੌਕ ਨੇੜੇ ਮਹਾ ਰੈਲੀ ਕੀਤੀ ਜਾਵੇਗੀ।