ਦੋਰਾਹਾ: ਇੱਥੇ ਸੇਵਾਮੁਕਤ ਬਿਜਲੀ ਕਾਮਿਆਂ ਦੀ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹਰਚਰਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਵਿਚ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਰਭੂਲ ਸਿੰਘ, ਸੁਰਿੰਦਰ ਕੁਮਾਰ ਅਤੇ ਤਰਸੇਮ ਲਾਲ ਨੇ ਕੇਂਦਰ, ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੀਆਂ ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ’ਤੇ ਟੇਕ ਰੱਖਣੀ ਹੋਵੇਗੀ। ਮੀਟਿੰਗ ਦੌਰਾਨ ਮੋਦੀ ਸਰਕਾਰ ਵੱਲੋਂ ਭਾਖੜਾ ਮੈਨੇਜਮੈਂਟ ਬੋਰਡ ਵਿੱਚੋਂ ਸਟੇਟਾਂ ਦੇ ਅਧਿਕਾਰ ਖ਼ਤਮ ਕਰਨ ਅਤੇ ਪੱਕੇ ਮੁਲਾਜ਼ਮਾਂ ਦੀ ਜਗ੍ਹਾ ਠੇਕੇ ’ਤੇ ਮੁਲਾਜ਼ਮ ਰੱਖਣ ਦੇ ਫ਼ੈਸਲਿਆਂ ਦੀ ਨਿਖੇਧੀ ਕੀਤੀ ਗਈ। ਹਰਬੰਸ ਸਿੰਘ, ਪ੍ਰਿਤਪਾਲ ਸਿੰਘ ਤੇ ਕੁਲਵੰਤ ਸਿਘ ਨੇ ਕਿਹਾ ਕਿ 2016 ਤੋਂ ਬਾਅਦ ਸੇਵਾਮੁਕਤ ਹੋ ਚੁੱਕੇ ਬਿਜਲੀ ਕਾਮਿਆਂ ਪੈਨਸ਼ਨ ਵਿਚ ਸੋਧ ਕਰ ਕੇ ਉਨ੍ਹਾਂ ਦੀ ਬਣਦੀ ਪੈਨਸ਼ਨ ਤੇ ਬਣਦਾ ਬਕਾਇਆ ਨਾ ਦਿੱਤਾ ਗਿਆ ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਅਵਤਾਰ ਸਿੰਘ, ਰਾਮ ਕ੍ਰਿਸ਼ਨ, ਜਗਦੇਵ ਸਿੰਘ, ਰਾਮ ਸਰੂਪ ਤੇ ਬਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। -ਪੱਤਰ ਪ੍ਰੇਰਕ