ਪੱਤਰ ਪ੍ਰੇਰਕ
ਸਮਰਾਲਾ, 11 ਜੁਲਾਈ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਅੱਜ ਇੱਥੇ ਹੋਈ। ਇਸ ਵਿੱਚ ਫਰੰਟ ਦੇ ਕਨਵੀਨਰ ਬਖਸ਼ੀਸ਼ ਸਿੰਘ ਠਾਕੁਰ ਸਿੰਘ, ਪ੍ਰੇਮ ਸਾਗਰ ਸ਼ਰਮਾ, ਐੱਨਕੇ ਕਲਸੀ, ਅਵਨਾਸ਼ ਸ਼ਰਮਾ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਹੋਈ ਮੀਟਿੰਗ ਦੌਰਾਨ 2.59 ਦਾ ਗੁਣਾਂਕ ਦੇ ਕੇ 01-01-2016 ਤੋਂ ਪੈਨਸ਼ਨ ਫਿਕਸ ਕਰਕੇ ਬਣਦੇ 30-06-2021 ਤੱਕ ਦੇ ਬਕਾਏ ਦੀ ਅਦਾਇਗੀ ਕਰਨਾ, ਕੇਂਦਰੀ ਸਰਕਾਰ ਦੀਆਂ ਦਰਾਂ ਤੇ 34 ਫ਼ੀਸਦ ਮਹਿੰਗਾਈ ਰਾਹਤ ਦੇਣਾ ਅਤੇ ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਲਾਗੂ ਕਰਨ ਆਦਿ ਲਈ ਚਰਚਾ ਹੋਈ ਸੀ। ਇਸ ਦੌਰਾਨ ਆਸ ਬੱਝੀ ਸੀ ਸਾਰੀਆਂ ਮੰਗਾਂ ਨੂੰ ਸਰਕਾਰ ਲਾਗੂ ਕਰੇਗੀ। ਮਹੀਨੇ ਦੀ ਉਡੀਕ ਕਰਨ ਉਪਰੰਤ ਵੀ ਰਾਹਤ ਸਬੰਧੀ ਕੁਝ ਵੀ ਨਾ ਹੋਇਆ ਤਾਂ ਮਜਬੂਰੀਵੱਸ ਜਥੇਬੰਦੀ ਨੇ ਆਰ-ਪਾਰ ਦੀ ਲੜਾਈ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਇਸ ਤਹਿਤ 29 ਜੁਲਾਈ ਨੂੰ ਜ਼ਿਲ੍ਹਾ ਪੱਧਰ ’ਤੇ ਸਰਕਾਰ ਦੀ ਅਰਥੀ ਫੂਕ ਮਜ਼ਾਹਰੇ ਕੀਤੇ ਜਾਣਗੇ। ਦੂਜੇ ਫੈਸਲੇ ਮੁਤਾਬਕ 15 ਜੁਲਾਈ ਨੂੰ ਲੁਧਿਆਣਾ ਪੈਨਸ਼ਨਰਜ਼ ਭਵਨ ਵਿੱਚ ਹੋਣ ਵਾਲੀ ਪੰਜਾਬ, ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਮੀਟਿੰਗ ਵਿੱਚ ਸਾਰੇ ਕਨਵੀਨਰਜ਼ ਸਮੂਲੀਅਤ ਕਰਨਗੇ।