ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਦਸੰਬਰ
15ਵਾਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਡੇਅਰੀ ਅਤੇ ਖੇਤੀਬਾੜੀ ਐਕਸਪੋ ਭਲਕੇ 11 ਦਸੰਬਰ ਤੋਂ ਇਥੋਂ ਦੀ ਕਈ ਏਕੜ ’ਚ ਫੈਲੀ ਪਸ਼ੂ ਮੰਡੀ ’ਚ ਸ਼ੁਰੂ ਹੋਣ ਜਾ ਰਿਹਾ ਹੈ। ਪੀਡੀਐੱਫਏ ਨੇ ਇਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਪ੍ਰਧਾਨਗੀ ਹੇਠ ਪੀਡੀਐੱਫਏ ਦੀ ਅੱਜ ਅਹਿਮ ਮੀਟਿੰਗ ਹੋਈ ਜਿਸ ’ਚ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਰੋਜ਼ਾ ਕੌਮਾਂਤਰੀ ਪੱਧਰ ਦਾ ਇਹ ਐਕਸਪੋ 11 ਤੋਂ 13 ਦਸੰਬਰ ਤੱਕ ਹਰ ਵਾਰ ਦੀ ਤਰ੍ਹਾਂ ਪਸ਼ੂ ਮੰਡੀ ਜੀਟੀ ਰੋਡ ਜਗਰਾਉਂ ਵਿਖੇ ਹੋਵੇਗਾ। ਉਨ੍ਹਾਂ ਮੁਤਾਬਕ ਮੇਲੇ ’ਚ ਦੁਨੀਆਂ ਦੇ ਵੱਖ-ਵੱਖ ਮੁਲਕਾਂ ਤੋਂ ਡੇਅਰੀ ਧੰਦੇ ਨਾਲ ਜੁੜੇ ਮਹਿਮਾਨ ਅਤੇ ਕੈਬਨਿਟ ਮੰਤਰੀ ਸ਼ਿਰਕਤ ਕਰਨਗੇ। ਡੇਅਰੀ ਤੇ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਕੌਮਾਂਤਰੀ ਪੱਧਰ ਦੇ ਮਾਹਿਰਾਂ ਦੇ ਲਾਹੇਵੰਦ ਵਿਚਾਰਾਂ ਤੋਂ ਜਾਣੂ ਕਰਵਾਉਣ ਲਈ ਇਹ ਮੇਲਾ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਪ੍ਰਧਾਨ ਸਦਰਪੁਰਾ ਮੁਤਾਬਕ ਡੇਅਰੀ ਮੇਲੇ ’ਚ ਇਸ ਵਾਰ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੂੰ ਪੰਜ ਐਵਾਰਡ ਪ੍ਰਦਾਨ ਕੀਤੇ ਜਾਣਗੇ। ਮੇਲੇ ਦਾ ਉਦਘਾਟਨ ਦੁੱਧ ਦਿੰਦੀਆਂ ਐੱਚਐੱਫ ਦੋ ਦੰਦ ਵਹਿੜਾਂ ਦੇ ਨਸਲ ਮੁਕਾਬਲੇ ਨਾਲ ਹੋਵੇਗਾ।