ਸਤਵਿੰਦਰ ਬਸਰਾ
ਲੁਧਿਆਣਾ, 14 ਸਤੰਬਰ
ਸਥਾਨਕ ਪਿੰਡ ਜੈਨਪੁਰ ਵਿਚ ਅਤਿ-ਆਧੁਨਿਕ ਸਪੋਰਟਸ ਪਾਰਕ ਦੀ ਉਸਾਰੀ ਦੀ ਸੰਭਾਵਨਾ ਉਸ ਸਮੇਂ ਪੱਕੀ ਹੋ ਗਈ ਜਦੋਂ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਇੱਥੇ ਮਿੱਟੀ ਪਰਖ ਦੇ ਕੰਮ ਦਾ ਉਦਘਾਟਨ ਕੀਤਾ। ਇਹ ਸਪੋਰਟਸ ਪਾਰਕ 30 ਏਕੜ ਰਕਬੇ ਵਿਚ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਪਹਿਲਾਂ ਕੂੜਾ ਕਰਕਟ ਹੁੰਦਾ ਸੀ। ਮਿੱਟੀ ਪਰਖ ਕੰਮ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਆਸ਼ੂ ਸਣੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ, ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਦੱਖਣੀ) ਅਮ੍ਰਿੰਦਰ ਸਿੰਘ ਮੱਲ੍ਹੀ ਤੋਂ ਇਲਾਵਾ ਇੱਥੋਂ ਦੇ ਜੀਐਨਡੀਈ ਕਾਲਜ ਦੇ ਸੋਇਲ ਟੈਸਟਿੰਗ ਮਾਹਿਰ ਵੀ ਹਾਜ਼ਰ ਸਨ।
ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਸਪੋਰਟਸ ਪਾਰਕ ਵਿੱਚ ਕ੍ਰਿਕਟ, ਫੁਟਬਾਲ, ਹਾਕੀ ਤੇ ਲਾਅਨ ਟੈਨਿਸ ਆਦਿ ਦੇ ਖੇਡ ਮੈਦਾਨ ਹੋਣਗੇ। ਇਹ ਪ੍ਰਾਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਅਧੀਨ ਆ ਰਿਹਾ ਹੈ ਅਤੇ ਇਸ ਦਾ ਨਿਰਮਾਣ ਕਾਰਜ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੀਐੱਨਡੀਈ ਕਾਲਜ ਲੁਧਿਆਣਾ ਦੇ ਮਾਹਿਰਾਂ ਦੀ ਟੀਮ ਨੂੰ ਇਸ ਪ੍ਰਾਜੈਕਟ ਦੀ ਸੋਇਲ ਟੈਸਟਿੰਗ ਲਈ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਇਸ ਜਗ੍ਹਾ ’ਤੇ ਪਹਿਲਾਂ ਕੂੜਾ ਕਰਕਟ ਮੌਜੂਦ ਸੀ। ਸ੍ਰੀ ਆਸ਼ੂ ਨੇ ਦੱਸਿਆ ਕਿ ਮਿੱਟੀ ਦੀ ਪਰਖ ਪੂਰੀ ਹੋਣ ਤੋਂ ਬਾਅਦ ਇੱਕ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾਵੇਗੀ, ਜਿਸ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਮੌਸਮ ਇਨਡੋਰ ਸਵੀਮਿੰਗ ਪੂਲ ਦੇ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਸ ਪ੍ਰਾਜੈਕਟ ਤੋਂ ਇਲਾਵਾ ਗੁਰੂ ਨਾਨਕ ਸਟੇਡੀਅਮ ਵਿਚ ਇਕ ਨਵਾਂ ਅਥਲੈਟਿਕਸ ਸਿੰਥੈਟਿਕ ਟਰੈਕ, ਬਾਸਕਟਬਾਲ ਕੋਰਟ ਅਤੇ ਸ਼ਾਸਤਰੀ ਹਾਲ ਵਿਚ ਬੈਡਮਿੰਟਨ ਕੋਰਟ ਦਾ ਵਿਕਾਸ, ਟੇਬਲ ਟੈਨਿਸ ਸਟੇਡੀਅਮ ਤੋਂ ਇਲਾਵਾ ਹੋਰ ਕੰਮ ਸ਼ੁਰੂ ਕੀਤੇ ਜਾਣਗੇ।
ਇਸ ਦੇ ਨਾਲ ਹੀ ਲੁਧਿਆਣਾ ਸਮਾਰਟ ਸਿਟੀ ਮਿਸ਼ਨ ਅਧੀਨ ਬੁੱਢੇ ਨਾਲੇ ਦੀ ਸਫ਼ਾਈ ਲਈ ਇੱਕ ਪੋਕ ਲੇਨ ਮਸ਼ੀਨ ਦੀ ਖ਼ਰੀਦ ਵੀ ਕੀਤੀ ਗਈ ਜਿਸ ਦੀ ਸ਼ੁਰੂਆਤ ਵੀ ਅੱਜ ਕੈਬਨਿਟ ਮੰਤਰੀ ਸ੍ਰੀ ਆਸ਼ੂ ਅਤੇ ਹੋਰਨਾਂ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ।