ਲੁਧਿਆਣਾ: ਪੀਏਯੂ ਦੇ ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਮੱਕੀ ਸੈਕਸ਼ਨ ਨੂੰ ਸਾਲ 2019 ਲਈ ਚੌਧਰੀ ਦੇਵੀ ਲਾਲ ਆਊਟਸਟੈਂਡਿੰਗ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰਾਜੈਕਟ ਐਵਾਰਡ ਪ੍ਰਾਪਤ ਹੋਇਆ ਹੈ। ਸਬੰਧਤ ਵਿਭਾਗ ਦੇ ਮੁਖੀ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਮੱਕੀ ਸੈਕਸ਼ਨ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਵੱਲੋਂ ਸਰਵੋਤਮ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਸੈਂਟਰ ਚੁਣਿਆ ਗਿਆ ਹੈ। ਇਹ ਐਵਾਰਡ ਮੱਕੀ ਸੈਕਸ਼ਨ ਵੱਲੋਂ ਖੋਜ ਸਬੰਧੀ ਕੀਤੇ ਗਏ ਬਿਹਤਰ ਤਾਲਮੇਲ, ਨਤੀਜਿਆਂ ਅਤੇ ਪ੍ਰਭਾਵਾਂ ਦੇ ਫਲਸਰੂਪ ਪ੍ਰਾਪਤ ਹੋਇਆ ਹੈ। ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਪ੍ਰਸ਼ੰਸਾ ਪੱਤਰ ਤੇ ਸਨਮਾਨ ਚਿੰਨ੍ਹ ਸ਼ਾਮਲ ਹਨ। -ਖੇਤਰੀ ਪ੍ਰਤੀਨਿਧ