ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੁਲਾਈ
ਖੇਤੀਬਾੜੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਪੀਏਯੂ ਦੇ ਗੇਟ ਨੰਬਰ ਇੱਕ ਦੇ ਬਾਹਰ ਰੋਸ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੇ ਹੱਕ ਵਿੱਚ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਵੀ ਨਿੱਤਰ ਕੇ ਸਾਹਮਣੇ ਆ ਗਈ ਹੈ। ਦੂਜੇ ਪਾਸੇ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੇ ਅੱਜ ਪਕੌੜੇ, ਬਰੈੱਡ ਅਤੇ ਚਾਹ ਵੇਚ ਕੇ ਰੋਸ ਪ੍ਰਗਟਾਇਆ। ਸੂਬੇ ਵਿੱਚ ਖੇਤੀਬਾੜੀ ਵਿਕਾਸ ਅਫਸਰ, ਬਾਗਬਾਨੀ ਵਿਕਾਸ ਅਫਸਰ ਅਤੇ ਖੇਤੀਬਾੜੀ ਮਹਿਕਮੇ ਦੀਆਂ ਹੋਰ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਪੀਏਯੂ ਦੇ ਸਾਬਕਾ ਅਤੇ ਮੌਜੂਦਾ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਰੋਸ ਧਰਨੇ ਨੂੰ ਉਸ ਸਮੇਂ ਹੋਰ ਤਾਕਤ ਮਿਲ ਗਈ ਜਦੋਂ ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਨੇ ਵੀ ਵਿਦਿਆਰਥੀਆਂ ਦਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਅਮਿਤੋਜ਼ ਮੌੜ ਨੇ ਕਿਹਾ ਕਿ ਬੀਐੱਸਸੀ, ਐੱਮਐੱਸਸੀ ਅਤੇ ਪੀਐੱਚਡੀ (ਖੇਤੀਬਾੜੀ) ਦੀ ਪੜ੍ਹਾਈ ਕਰ ਚੁੱਕੇ ਅਤੇ ਕਰ ਰਹੇ ਵਿਦਿਆਰਥੀ ਸਰਕਾਰ ਤੋਂ ਪਿਛਲੇ ਲੰਬੇ ਸਮੋਂ ਤੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਸਾਰੇ ਮਹਿਕਮਿਆਂ ’ਚ ਅਸਾਮੀਆਂ ਖਾਲੀ ਰੱਖ ਰਹੀ ਹੈ, ਜਿਸ ਤੋਂ ਸਾਫ ਹੈ ਕਿ ‘ਆਪ’ ਸਰਕਾਰ ਵੀ ਬਾਕੀਆਂ ਦੀ ਤਰ੍ਹਾਂ ਕਥਿਤ ਤੌਰ ’ਤੇ ਨਿੱਜੀਕਰਨ ਦੀ ਨੀਤੀ ’ਤੇ ਡਟੀ ਹੋਈ ਹੈ। ਇਸੇ ਦੌਰਾਨ ਅੱਜ ਵਿਧਾਇਕ ਗੁਰਪ੍ਰੀਤ ਗੋਗੀ ਉਨ੍ਹਾਂ ਨੂੰ ਮਿਲਣ ਆਏ ਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਹੈ।