ਲੁਧਿਆਣਾ: ਪੀਏਯੂ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ 2019 ਬੈਚ ਦੇ 25 ਵਿਦਿਆਰਥੀਆਂ ਦੀ ਇੱਕ ਟੀਮ ਨੇ ਕੌਮੀ ਪੱਧਰ ਦੇ ਮੁਕਾਬਲੇ ‘ਤਿਫ਼ਾਨ-2022’ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਤਿਫਾਨ ਕੌਮੀ ਪੱਧਰ ’ਤੇ ਵਿਦਿਆਰਥੀਆਂ ਦਾ ਮੁਕਾਬਲਾ ਹੈ। ਇਸ ਵਿੱਚ ਤਕਨਾਲੋਜੀ ਦੀ ਕਾਢ ਅਤੇ ਨਵੀਂ ਤਕਨੀਕ ਬਾਰੇ ਇੰਜਨੀਅਰਾਂ ਦੀ ਪਹੁੰਚ ਦੀ ਪਰਖ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਿਰਫ਼ ਖੇਤੀ ਇੰਜਨੀਅਰ ਨਹੀਂ ਬਲਕਿ ਹਰ ਇੰਜਨੀਅਰਿੰਗ ਵਰਗ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ। ਇਸ ਵਾਰ ਦਾ ਮੁਕਾਬਲਾ ਸੁਸਾਇਟੀ ਆਫ ਆਟੋਮੋਟਿਵ ਇੰਜਨੀਅਰਜ਼ ਇੰਡੀਆ ਅਤੇ ਜੌਂਨਡੀਅਰ ਇੰਡੀਆ ਪੁਣੇ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ ਸੀ। ਇਸ ਵਾਰ ਦਾ ਥੀਮ ‘ਪਿਆਜ਼ ਦੀ ਪੁਟਾਈ ਕਰਨ ਵਾਲੀ ਸਵੈਚਾਲਿਤ ਮਸ਼ੀਨ’ ਸੀ। ਪੀਏਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੀ ਟੀਮ ਦੀ ਅਗਵਾਈ ਅਰਸ਼ਦੀਪ ਸਿੰਘ ਨੇ ਕੀਤੀ। ਇਸ ਟੀਮ ਨੇ ਪਿਆਜ਼ ਦੀ ਪੁਟਾਈ ਕਰਨ ਵਾਲੀ ਸਵੈਚਾਲਿਤ ਮਸ਼ੀਨ ਦਾ ਡਿਜ਼ਾਈਨ ਬਣਾ ਕੇ ਕਾਲਜ ਦੇ ਮਾਹਿਰਾਂ ਦੀ ਅਗਵਾਈ ਵਿੱਚ ਉਸ ਉੱਪਰ ਕੰਮ ਕੀਤਾ। -ਖੇਤਰੀ ਪ੍ਰਤੀਨਿਧ