ਸਤਵਿੰਦਰ ਬਸਰਾ
ਲੁਧਿਆਣਾ, 28 ਜੁਲਾਈ
ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਵਾਉਣ ਲਈ ਪੀਏਯੂ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਵਿਦਿਆਰਥੀਆਂ ਨੇ ਗੇਟ ਨੰਬਰ ਇੱਕ ਅੱਗੇ ਸਟਾਲ ਲਾ ਕੇ ਸਬਜ਼ੀਆਂ ਵੇਚ ਕੇ ਅਨੋਖੇ ਢੰਗ ਨਾਲ ਰੋਸ ਪ੍ਰਗਟਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਧਰਨਾ ਜਾਰੀ ਰੱਖਿਆ ਜਾਵੇਗਾ।
ਅੱਜ ਦੂਜੇ ਦਿਨ ਬੀਐੱਸਸੀ, ਐੱਮਐੱਸਸੀ ਅਤੇ ਪੀਐੱਚਡੀ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਗੇਟ ਨੰਬਰ ਇੱਕ ਦੇ ਬਾਹਰ ਫਿਰੋਜ਼ਪੁਰ ਰੋਡ ’ਤੇ ਸਟਾਲ ਲਾ ਕੇ ਸਬਜ਼ੀਆਂ ਵੇਚਕੇ ਰੋਸ ਪ੍ਰਗਟਾਇਆ। ਇਸ ਦੌਰਾਨ ਉਨ੍ਹਾਂ ਨੇ ਕਰੀਬ 800 ਰੁਪਏ ਤੱਕ ਦੀਆਂ ਸਬਜ਼ੀਆਂ ਵੀ ਵੇਚ ਦਿੱਤੀਆਂ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਸੂਬੇ ਦੀ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਵੱਡੇ ਪਿੰਡਾਂ ਵਿੱਚ ਖੇਤੀ ਮਾਸਟਰ ਲਗਾਉਣ ਦੇ ਬਿਆਨ ਦਿੱਤੇ ਜਾ ਰਹੇ ਸਨ ਪਰ ਸੱਤਾ ’ਚ ਆਉਣ ’ਤੇ ਇਨ੍ਹਾਂ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ ਹੈ। ਸੂਬੇ ਵਿੱਚ ਏਡੀਓ, ਐੱਚਡੀਓ, ਐੱਸਸੀਓ ਅਤੇ ਏਐੱਸਆਈ ਦੀਆਂ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਸ ਸਰਕਾਰ ਦਾ ਵੀ ਇਨ੍ਹਾਂ ਨੂੰ ਭਰਨ ਵੱਲ ਧਿਆਨ ਨਹੀਂ ਹੈ। ਇਹ ਅਸਾਮੀਆਂ ਨਾ ਭਰੀਆਂ ਜਾਣ ਕਰਕੇ ਪੀਐਚਡੀ, ਐਮਐਸਸੀ ਅਤੇ ਬੀਐਸਸੀ (ਐਗਰੀਕਲਚਰ) ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਬੇਰੁਜ਼ਗਾਰ ਘੁੰਮ ਰਹੇ ਹਨ। ਉਕਤ ਖਾਲੀ ਅਸਾਮੀਆਂ ਭਰਨ ਲਈ ਚੀਫ ਸੈਕਟਰੀ ਐਗਰੀਕਲਚਰ, ਡਾਇਰੈਕਟਰ ਆਫ ਐਗਰੀਕਲਚਰ ਅਤੇ ਵਿਧਾਇਕਾਂ ਦੇ ਦਫ਼ਤਰਾਂ ਵਿੱਚ ਵੀ ਕਈ ਚੱਕਰ ਲਾਏ ਪਰ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਮਜਬੂਰ ਹੋ ਕਿ ਉਨ੍ਹਾਂ ਨੂੰ ਇਹ ਰੋਸ ਪ੍ਰਦਰਸ਼ਨ ਸ਼ੁਰੂ ਕਰਨਾ ਪਿਆ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਦੋ ਦਿਨ ਧਰਨੇ ਦੌਰਾਨ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਮਿਲਣ ਨਹੀਂ ਆਇਆ ਜਦਕਿ ’ਵਰਸਿਟੀ ਦੇ ਪੁਰਾਣੇ ਵਿਦਿਆਰਥੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਜ਼ਰੂਰ ਪਹੁੰਚੇ।