ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਸਤੰਬਰ
ਪੀਏਯੂ ਨੇ ਅੱਜ ਖੇਤੀ ਕਾਰੋਬਾਰ ਆਰੰਭ ਕਰਨ ਵਾਲੀ ਇੱਕ ਫਰਮ ਮੈਸ. ਸਰਦਾਰਾ ਆਰਗੈਨਿਕ ਫਾਰਮ ਨਾਲ ਗੰਨੇ ਅਤੇ ਫਲਾਂ ਤੋਂ ਬਣਨ ਵਾਲੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਸਮਝੌਤਾ ਕੀਤਾ । ਇਸ ਸਮਝੌਤੇ ਉੱਪਰ ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਤਿਸਜੋਤ ਸਿੰਘ ਔਜਲਾ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਪੀਏਯੂ ਦੇ ਮਾਇਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਜੀਐੱਸ ਕੋਚਰ ਨੇ ਕਿਹਾ ਕਿ ਪੀਏਯੂ ਨੇ ਫਰਮੈਂਟਡ ਸਿਰਕੇ ਦੀ ਖੋਜ ਸਬੰਧੀ ਕਾਫੀ ਕੰਮ ਕੀਤਾ ਹੈ । ਇਸੇ ਲੜੀ ਵਿੱਚ ਗੰਨੇ, ਅਮਰੂਦ, ਜਾਮਣ ਅਤੇ ਸੇਬ ਦੇ ਫਰਮੈਂਟਡ ਸਿਰਕੇ ਦੀਆਂ ਤਕਨਾਲੋਜੀਆਂ ਦੀ ਖੋਜ ਸਾਹਮਣੇ ਆਈ ਹੈ ਜੋ ਸਿਫ਼ਾਰਸ਼ ਕੀਤੀ ਗਈ ਹੈ। ਬਾਗਬਾਨੀ ਅਤੇ ਭੋਜਨ ਵਿਗਿਆਨ ਬਾਰੇ ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਬਾਜ਼ਾਰ ਵਿੱਚ ਵਿਕਦੇ ਸਿੰਥੈਟਿਕ ਸਿਰਕੇ ਦੇ ਮੁਕਾਬਲੇ ਕੁਦਰਤੀ ਸਿਰਕੇ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਜਿੰਦਰ ਸਿੰਘ ਅਤੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਡਾ. ਅਮਰਜੀਤ ਕੌਰ ਅਤੇ ਕੁਲਵੰਤ ਸਿੰਘ ਔਜਲਾ ਮੌਜੂਦ ਸਨ।