ਸਤਵਿੰਦਰ ਬਸਰਾ
ਲੁਧਿਆਣਾ, 18 ਨਵੰਬਰ
ਪੀਏਯੂ ਮੁਲਾਜ਼ਮਾਂ ਨੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਬੀਤੀ 13 ਅਕਤੂਬਰ ਤੋਂ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਦਿਆਂ 19 ਨਵੰਬਰ ਤੋਂ ਥਾਪਰ ਹਾਲ ਸਮੇਤ ‘ਵਰਸਿਟੀ ਦੇ ਹੋਰ ਦਫਤਰਾਂ ਨੂੰ ਤਾਲੇ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਅੱਜ ਸਵੇਰੇ ਵੀ ਮੁਲਾਜ਼ਮਾਂ ਨੇ ‘ਵਰਸਿਟੀ ਵਿੱਚ ਰੋਸ ਰੈਲੀਆਂ ਕੱਢੀਆਂ ਅਤੇ ਥਾਪਰ ਹਾਲ ਅੱਗੇ ਧਰਨਾ ਲਾਇਆ।
ਇਸ ਧਰਨੇ ਵਿੱਚ ਤਿੰਨੋਂ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਹੋਏ ਸਨ। ਇਸ ਦੌਰਾਨ ਅਧਿਕਾਰੀਆਂ ਨਾਲ ਹੋਈ ਮੀਟਿੰਗ ਵੀ ਕਥਿਤ ਤੌਰ ‘ਤੇ ਬੇਸਿੱਟਾ ਹੋਣ ਦਾ ਪ੍ਰਗਟਾਵਾ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੀਏਯੂ ਐਂਪਲਾਇਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਅੱਜ ਉਨ੍ਹਾਂ ਦੀ ‘ਵਰਸਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਪਰ ਸ਼ਾਮ ਤੱਕ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਮਜਬੂਰ ਹੋ ਕੇ ਯੂਨੀਅਨਾਂ ਵੱਲੋਂ ਆਪਣੇ ਪਹਿਲਾਂ ਲਏ ਫੈਸਲੇ ਅਨੁਸਾਰ 19 ਨਵੰਬਰ ਨੂੰ ਥਾਪਰ ਹਾਲ ਸਮੇਤ ‘ਵਰਸਿਟੀ ਦੇ ਹੋਰ ਦਫਤਰਾਂ ਦੀ ਤਾਲੇਬੰਦੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਤਾਲਾਬੰਦੀ ਸਵੇਰੇ 8.30 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ ਅਤੇ ਇਸ ਦੌਰਾਨ ਕਿਸੇ ਵੀ ਅਧਿਕਾਰੀ ਨੂੰ ਦਫਤਰਾਂ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ। ਅੱਜ ਥਾਪਰ ਹਾਲ ਅੱਗੇ ਦਿੱਤੇ ਰੋਸ ਧਰਨੇ ਵਿੱਚ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੁਖਦੇਵ ਸਿੰਘ ਰੰਧਾਵਾ, ਜਸਮੇਲ ਸਿੰਘ, ਡਾ. ਹਰਮੀਤ ਸਿੰਘ ਕਿੰਗਰਾ, ਡਾ. ਡੀਕੇ ਸ਼ਰਮਾ ਅਤੇ ਕਮਲ ਸਿੰਘ ਆਦਿ ਆਗੂ ਬੈਠੇ ਹੋਏ ਸਨ।