ਸਤਵਿੰਦਰ ਬਸਰਾ
ਲੁਧਿਆਣਾ, 19 ਨਵੰਬਰ
ਪੀਏਯੂ ਦੀਆਂ ਤਿੰਨ ਮੁਲਾਜ਼ਮ ਯੂਨੀਅਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਉਸ ਸਮੇਂ ਸਿਖਰ ’ਤੇ ਦਿਖਾਈ ਦਿੱਤਾ ਜਦੋਂ ਇਨ੍ਹਾਂ ਮੁਲਾਜਮਾਂ ਨੇ ਥਾਪਰ ਹਾਲ ਬੰਦ ਕਰਕੇ ਰੋਸ ਧਰਨਾ ਦਿੱਤਾ। ਇਸ ਦੌਰਾਨ ਉਪ ਕੁਲਪਤੀ ਅਤੇ ਹੋਰ ਅਧਿਕਾਰੀਆਂ ਨੂੰ ਦਫਤਰ ਤੋਂ ਜਾਣ ਤੋਂ ਰੋਕਣ ਲਈ ਇਹ ਮੁਲਾਜ਼ਮ ਹਾਲ ਦੇ ਬਾਹਰ ਹੀ ਸੜਕ ’ਤੇ ਲੰਮੇ ਪੈ ਗਏ। ਪੀਏਯੂ ਐਂਪਲਾਇਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਪਹਿਲਾਂ ਹੀ ਉਲੀਕੇ ਪ੍ਰੋਗਰਾਮ ਤਹਿਤ ਅੱਜ ਥਾਪਰ ਹਾਲ ਨੂੰ ਬੰਦ ਕਰਕੇ ਰੋਸ ਧਰਨਾ ਲਾਇਆ ਗਿਆ ਸੀ। ਥਾਪਰ ਹਾਲ ਵਿੱਚ ਹੀ ਉਪ ਕੁਲਪਤੀ ਦਾ ਦਫਤਰ ਵੀ ਬਣਿਆ ਹੋਇਆ ਹੈ ਤੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਪ ਕੁਲਪਤੀ ਅਤੇ ਹੋਰ ਅਧਿਕਾਰੀ ਆਪਣੇ ਦਫਤਰਾਂ ਵਿੱਚ ਚਲੇ ਗਏ। ਸ੍ਰੀ ਵਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਸਮੂਹ ਮੁਲਾਜ਼ਮਾਂ ਨੇ ਦਫਤਰੀ ਕੰਮ ਠੱਪ ਕਰਕੇ ਰੋਸ ਰੈਲੀ ਕੱਢੀ ਅਤੇ ਫਿਰ ਥਾਪਰ ਹਾਲ ਦੇ ਬਾਹਰ ਧਰਨਾ ਦਿੱਤਾ। ਜਨਰਲ ਸਕੱਤਰ ਮਨਮੋਹਨ ਸਿੰਘ, ਪੀਏਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ, ਡਾ. ਕੇ ਐਸ ਸਾਂਘਾ, ਗੁਰਪ੍ਰੀਤ ਸਿੰਘ ਢਿੱਲੋਂ, ਲਾਲ ਬਹਾਦਰ ਯਾਦਵ, ਧਰਮਿੰਦਰ ਸਿੰਘ ਸਿੱਧੂ, ਗੁਰਇਕਬਾਲ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਓਨੀ ਦੇਰ ਤੱਕ ਜਾਰੀ ਰਹੇਗਾ ਜਦੋਂ ਤੱਕ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਸ ਮੌਕੇ ਰੋਸ ਧਰਨੇ ਵਿੱਚ ਵੱਖ ਵੱਖ ਯੂਨੀਅਨਾਂ ਵੱਲੋਂ ਲਾਲ ਬਹਾਦਰ ਯਾਦਵ, ਗੁਰਇਕਬਾਲ ਸਿੰਘ, ਡਾ. ਕਿੰਗਰਾ ਅਤੇ ਡਾ. ਸਾਂਘਾ ਆਦਿ ਧਰਨੇ ‘ਤੇ ਬੈਠੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ, ਨਵਨੀਤ ਸ਼ਰਮਾ, ਬਿੱਕਰ ਸਿੰਘ, ਮੋਹਨ ਲਾਲ, ਮੁਨੀਸ਼ ਕੁਮਾਰ, ਸਤਵਿੰਦਰ ਸਿੰਘ, ਕੇਸ਼ਵ ਰਾਏ ਸੈਣੀ ਆਦਿ ਵੀ ਹਾਜ਼ਰ ਸਨ। ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਨਾਲ ਸੰਪਰਕ ਨਹੀਂ ਹੋ ਸਕਿਆ।