ਸਤਵਿੰਦਰ ਬਸਰਾ
ਲੁਧਿਆਣਾ, 17 ਮਾਰਚ
ਪੀਏਯੂ ਐਂਪਲਾਈਜ਼ ਯੂਨੀਅਨ ਦੀਆਂ ਚੋਣਾਂ ਦੇ ਅੱਜ ਦੁਪਹਿਰ ਬਾਅਦ ਐਲਾਨੇ ਨਤੀਜਿਆਂ ਮੁਤਾਬਕ ‘ਅੰਬ’ ਚੋਣ ਨਿਸ਼ਾਨ ਵਾਲੇ ਗਰੁੱਪ ਦੇ ਸਿਰ ਚੌਥੀ ਵਾਰ ਜਿੱਤ ਦਾ ਤਾਜ ਸਜਿਆ ਹੈ। ਪ੍ਰਧਾਨਗੀ ਦੀ ਚੋਣ ਲੜ ਰਹੇ ਬਲਦੇਵ ਸਿੰਘ ਵਾਲੀਆ ਨੇ ਆਪਣੇ ਵਿਰੋਧੀ ਨੂੰ 90 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਪੀਏਯੂ ਮੁਲਾਜ਼ਮ ਚੋਣਾਂ ਵਿੱਚ ਮੁੱਖ ਮੁਕਾਬਲਾ ਅੰਬ ਅਤੇ ਸਾਈਕਲ ਚੋਣ ਨਿਸ਼ਾਨ ਵਾਲੇ ਗਰੁੱਪਾਂ ਵਿੱਚ ਰਿਹਾ। ਦੋਵਾਂ ਗਰੁੱਪਾਂ ਨੇ ਚੋਣਾਂ ਤੋਂ ਪਹਿਲਾਂ ਵੱਡੇ ਫਰਕ ਨਾਲ ਜਿੱਤਾਂ ਦਰਜ ਕਰਨ ਦੇ ਦਾਅਵੇ ਕੀਤੇ ਸਨ। ਅੱਜ ਦੁਪਹਿਰ ਬਾਅਦ ਆਏ ਨਤੀਜੇ ਇੱਕ ਵਾਰ ਫਿਰ ਅੰਬ ਗਰੁੱਪ ਦੇ ਹੱਕ ਵਿੱਚ ਆਏ। ਇਸ ਗਰੁੱਪ ਦੇ ਚੋਣਾਂ ਵਿੱਚ ਖੜ੍ਹੇ 15 ਵਿੱਚੋਂ 15 ਉਮੀਦਵਾਰਾਂ ਨੇ ਹੀ ਜਿੱਤਾਂ ਦਰਜ ਕੀਤੀਆਂ। ‘ਅੰਬ’ ਗਰੁੱਪ ਦੀ ਇਹ ਚੌਥੀ ਜਿੱਤ ਹੈ। ਚੋਣਾਂ ਦੇ ਮਿਲੇ ਨਤੀਜੇ ਅਨੁਸਾਰ ‘ਅੰਬ’ ਗਰੁੱਪ ਵੱਲੋਂ ਪ੍ਰਧਾਨਗੀ ਦੀ ਚੋਣ ਲੜਨ ਵਾਲੇ ਬਲਦੇਵ ਸਿੰਘ ਵਾਲੀਆ ਨੇ ਆਪਣੇ ਵਿਰੋਧੀ ਸਾਈਕਲ ਗਰੁੱਪ ਦੇ ਗੁਰਪ੍ਰੀਤ ਸਿੰਘ ਨੂੰ 90 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੀਨੀਅਰ ਵਾਈਸ ਪ੍ਰਧਾਨ (ਓਪਨ) ਦੇ ਮੁਕਾਬਲੇ ’ਚ ਲਾਲ ਬਹਾਦਰ ਯਾਦਵ ਨੇ 83 ਵੋਟਾਂ, ਸੀਨੀਅਰ ਵਾਈਸ ਪ੍ਰ੍ਰਧਾਨ (ਰਿਜ਼ਰਵ) ’ਚ ਗੁਰਪ੍ਰੀਤ ਸਿੰਘ ਢਿੱਲੋਂ ਨੇ 100 ਵੋਟਾਂ, ਵਾਈਸ ਪ੍ਰਧਾਨ (ਓਪਨ) ਦੇ ਅਹੁਦੇ ਲਈ ਨਵਨੀਤ ਸ਼ਰਮਾ ਨੇ 109 ਵੋਟਾਂ, ਵਾਈਸ ਪ੍ਰਧਾਨ (ਰਿਜ਼ਰਵ) ਕੇਸ਼ਵ ਰਾਏ ਸੈਨੀ ਨੇ 67 ਵੋਟਾਂ, ਖਜ਼ਾਨਚੀ ਦੇ ਅਹੁਦੇ ਲਈ ਦਲਜੀਤ ਸਿੰਘ ਨੇ 95 ਵੋਟਾਂ, ਸਕੱਤਰ-1 ਲਈ ਗੁਰਇਕਬਾਲ ਸਿੰਘ ਨੇ 103 ਵੋਟਾਂ, ਸਕੱਤਰ-2 ਲਈ ਧਰਮਿੰਦਰ ਸਿੰਘ ਗਿੱਲ ਨੇ 124 ਵੋਟਾਂ, ਸੰਯੁਕਤ ਖਜ਼ਾਨੀ-1 ਦੇ ਅਹੁਦੇ ਲਈ ਮੋਹਨ ਲਾਲ ਸ਼ਰਮਾ ਨੇ 74 ਵੋਟਾਂ, ਸੰਯੁਕਤ ਖਜ਼ਾਨਚੀ-2 ਲਈ ਭੁਪਿੰਦਰ ਸਿੰਘ ਨੇ 133 ਵੋਟਾਂ, ਆਰਗੇਨਾਈਜਿੰਗ ਸਕੱਤਰ (ਓਪਨ) ਲਈ ਹਰਮਿੰਦਰ ਸਿੰਘ ਨੇ 59 ਵੋਟਾਂ, ਆਰਗੇਨਾਈਜਿੰਗ ਸਕੱਤਰ (ਰਿਜ਼ਰਵ) ਲਈ ਬਲਜਿੰਦਰ ਸਿੰਘ ਨੇ 102 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ।
ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਗੇ ਹੋ ਕੇ ਹੱਲ ਕਰਵਾਇਆ ਸੀ ਤੇ ਇਹੋ ਵਜਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਉਨ੍ਹਾਂ ਦੇ ਗਰੁੱਪ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ।