ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀ.ਏ.ਯੂ. ਨੇ ਲੁਧਿਆਣਾ ਸਥਿਤ ਕੰਪਨੀ ਜ਼ੈਨਟਰਮ ਨਾਲ, ਲੱਕੀ ਸੀਡ ਡਰਿੱਲ ਤਕਨਾਲੌਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਜ਼ੈਨਟਰਮ ਦੇ ਪ੍ਰਬੰਧਕੀ ਨਿਰਦੇਸ਼ਕ ਵਿਪਨ ਸ਼ਰਮਾ ਨੇ ਦੁਵੱਲੇ ਸਮਝੌਤੇ ਦੇ ਕਾਗਜ਼ਾਂ ਉਪਰ ਦਸਤਖਤ ਕੀਤੇ। ਇਸ ਸਮਝੌਤੇ ਮੁਤਾਬਿਕ ਪੀ.ਏ.ਯੂ. ਵੱਲੋਂ ਵਿਕਸਿਤ ਅਤੇ ਡਿਜ਼ਾਇਨ ਲੱਕੀ ਸੀਡ ਡਰਿੱਲ ਤਕਨਾਲੌਜੀ ਦੇ ਲੁਧਿਆਣਾ ਸਥਿਤ ਇਸ ਕੰਪਨੀ ਲੱਕੀ ਸੀਡ ਡਰਿੱਲ ਤਿਆਰ ਕਰਨ ਅਤੇ ਵੇਚਣ ਦੇ ਅਧਿਕਾਰ ਪ੍ਰਦਾਨ ਕੀਤੇ ਗਏ। ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਲੱਕੀ ਸੀਡ ਡਰਿੱਲ ਮਸ਼ੀਨ ਕਣਕ ਅਤੇ ਝੋਨੇ ਦੋਹਾਂ ਫ਼ਸਲਾਂ ਵਿੱਚ ਬਿਜਾਈ ਅਤੇ ਨਦੀਨਾਂ ਦੇ ਜੰਮਣ ਤੋਂ ਪਹਿਲਾਂ ਨਦੀਨਨਾਸ਼ਕ ਦੇ ਛਿੜਕਾਅ ਲਈ ਵਰਤੀ ਜਾਣ ਵਾਲੀ ਸੁਚੱਜੀ ਤਕਨੀਕ ਹੈ।