ਇੰਤਕਾਲ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਕਾਬੂ : The Tribune India

ਇੰਤਕਾਲ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਕਾਬੂ

ਇੰਤਕਾਲ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਕਾਬੂ

ਆਰਜ਼ੀ ਪਟਵਾਰੀ ਮੋਹਣ ਸਿੰਘ ਨੂੰ ਲਿਜਾਂਦੇ ਹੋਏ ਵਿਜੀਲੈਂਸ ਮੁਲਾਜ਼ਮ।

ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 9 ਦਸੰਬਰ

‘ਆਪ’ ਆਗੂਆਂ ਨੇ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਹੁਣ ਖ਼ੁਦ ਸਟਿੰਗ ਅਪਰੇਸ਼ਨ ਸ਼ੁਰੂ ਕਰ ਦਿੱਤੇ ਹਨ। ਹਲਕਾ ਦਾਖਾ ਦੇ ਇੰਚਾਰਜ ਕੇਐਨਐੱਸ ਕੰਗ ਵੱਲੋਂ ਇਸ ਦੀ ਸ਼ੁਰੂਆਤ ਮੁੱਲਾਂਪੁਰ-ਦਾਖਾ ਦੇ ਪਟਵਾਰ ਭਵਨ ਤੋਂ ਇਕ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਕੇ ਕੀਤੀ ਗਈ। ਇਸ ਦੌਰਾਨ ਪੰਜ ਹਜ਼ਾਰ ਰੁਪਏ ਦੀ ਨਗਦੀ ਵੀ ਮੌਕੇ ’ਤੇ ਬਰਾਮਦ ਕਰ ਲਈ ਗਈ ਹੈ। ਪਟਵਾਰੀ ਮੋਹਣ ਸਿੰਘ ਨੂੰ ਚੌਕਸੀ ਵਿਭਾਗ ਦੇ ਐੱਸਐੱਸਪੀ ਰਵਿੰਦਰਪਾਲ ਸਿੰਘ ਸੰਧੂ ਦੇ ਦਫ਼ਤਰ ਵਿੱਚ ਪੇਸ਼ ਕੀਤਾ ਗਿਆ। ਸੇਵਾਮੁਕਤ ਕਾਨੂੰਗੋ ਮੋਹਣ ਸਿੰਘ ਆਰਜ਼ੀ ਪਟਵਾਰੀ ਵਜੋਂ ਮੁੱਲਾਂਪੁਰ, ਦਾਖਾ ਪਟਵਾਰ ਭਵਨ ਵਿਚ ਤਾਇਨਾਤ ਹੈ। ‘ਆਪ’ ਆਗੂ ਪਿੰਡ ਦਾਖਾ ਦੇ ਸਾਬਕਾ ਸਰਪੰਚ ਵਰਿੰਦਰ ਸਿੰਘ ਤੋਂ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਬਦਲੇ ਪਟਵਾਰੀ ਮੋਹਨ ਸਿੰਘ ਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਵਰਿੰਦਰ ਸਿੰਘ ਨੇ ਪੰਜ ਹਜ਼ਾਰ ਰੁਪਏ ਪਟਵਾਰੀ ਨੂੰ ਦੇਣ ਦਾ ਵਾਅਦਾ ਕਰ ਕੇ ਹਲਕਾ ਇੰਚਾਰਜ ਕੇਐਨਐੱਸ ਕੰਗ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਯੋਜਨਾ ਅਨੁਸਾਰ ਰਿਸ਼ਵਤ ਵਜੋਂ ਦਿੱਤੇ ਪੈਸੇ ਮੌਕੇ ’ਤੇ ਹੀ ਬਰਾਮਦ ਕਰ ਲਏ। ਰਿਸ਼ਵਤ ਵਜੋਂ ਦਿੱਤੇ ਨੋਟਾਂ ਦੀਆਂ ਫੋਟੋ ਕਾਪੀਆਂ ਉਨ੍ਹਾਂ ਪਹਿਲਾਂ ਹੀ ਆਪਣੇ ਕੋਲ ਰੱਖ ਲਈਆਂ ਸਨ। ‘ਆਪ’ ਆਗੂ ਕੰਗ ਨੇ ਮੀਡੀਆ ਨੂੰ ਮੌਕੇ ’ਤੇ ਬੁਲਾ ਕੇ ਫੜੇ ਨੋਟਾਂ ਸਣੇ ਪਟਵਾਰੀ ਨੂੰ ਵਿਜੀਲੈਂਸ ਦਫ਼ਤਰ ਨੂੰ ਰਵਾਨਾ ਕਰ ਦਿੱਤਾ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਟਵਾਰੀ ਮੋਹਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All