ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਜੂਨ
ਸੂਬੇ ਵਿਚ ਸਾਰੀਆਂ ਪੇਂਡੂ ਪੰਚਾਇਤਾਂ ਦੇ ਆਮ ਇਜਲਾਸ 30 ਜੂਨ ਤੱਕ ਮੁਕੰਮਲ ਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ, ਪਰ ਕਈ ਪਿੰਡਾਂ ਵਿਚ ਲੋਕਾਂ ਦੀ ਚੌਕਸੀ ਕਾਰਨ ਖਾਨਾਪੂਰਤੀ ਲਈ ਕੀਤੇ ਜਾ ਰਹੇ ਆਮ ਇਜਲਾਸ ਉੱਪਰੋਥਲੀ ਮੁਲਤਵੀ ਕਰਨੇ ਪੈ ਰਹੇ ਹਨ। ਬਲਾਕ ਸੁਧਾਰ ਦੇ ਪਿੰਡ ਪੱਤੀ ਧਾਲੀਵਾਲ (ਸੁਧਾਰ) ਵਿਚ ਅੱਜ ਤੀਜੀ ਵਾਰ ਬੁਲਾਏ ਆਮ ਇਜਲਾਸ ਨੂੰ ਵੀ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਕਰਨਾ ਪਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਸ਼ੋਕ ਕੁਮਾਰ ਦੀ ਮੌਜੂਦਗੀ ਵਿਚ ਪੱਤੀ ਧਾਲੀਵਾਲ ’ਚ ਸ਼ੁਰੂ ਹੋਏ ਇਜਲਾਸ ਵਿਚ ਜਦੋਂ ਕੋਰਮ ਪੂਰਾ ਨਾ ਹੋਣ ਦਾ ਮੁੱਦਾ ਉੱਠਿਆ ਤਾਂ ਹਾਜ਼ਰੀ ਸਿਰਫ਼ 87 ਹੀ ਮਿਲੀ ਜਦਕਿ 10 ਫ਼ੀਸਦ ਹਾਜ਼ਰੀ ਲਈ ਵੀ ਘੱਟੋ-ਘੱਟ 152 ਲੋਕਾਂ ਦੀ ਮੌਜੂਦਗੀ ਲੋੜੀਂਦੀ ਸੀ ਤਾਂ ਪੰਚਾਇਤ ਸਕੱਤਰ ਗੁਰਮੀਤ ਸਿੰਘ ਨੇ ਇਜਲਾਸ ਦੀ ਕਾਰਵਾਈ ਮੁਲਤਵੀ ਕਰਨ ਅਤੇ 27 ਜੂਨ ਨੂੰ ਮੁੜ ਇਜਲਾਸ ਦਾ ਐਲਾਨ ਕਰ ਦਿੱਤਾ।
ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਨੇ ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਇਸ ਪਿੰਡ ਦਾ ਪਹਿਲਾਂ 1 ਜੂਨ ਅਤੇ ਫਿਰ 8 ਜੂਨ ਨੂੰ ਵੀ ਕੋਰਮ ਪੂਰਾ ਨਾ ਹੋਣ ਕਾਰਨ ਇਜਲਾਸ ਮੁਲਤਵੀ ਕੀਤਾ ਗਿਆ ਸੀ। ਦੂਜੇ ਪਾਸੇ ਲੋਕਾਂ ਨੇ ਦੋਸ਼ ਲਾਇਆ ਕਿ ਅਜਿਹਾ ਕੋਈ ਇਜਲਾਸ ਪਹਿਲਾਂ ਬੁਲਾਏ ਜਾਣ ਬਾਰੇ ਪਿੰਡ ਵਾਸੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ। ਅੱਜ ਵਾਲੇ ਇਜਲਾਸ ਬਾਰੇ ਵੀ ਸਿਰਫ਼ 2 ਦਿਨ ਪਹਿਲਾਂ ਹੀ ਗੁਰੂਘਰ ਤੋਂ ਸਪੀਕਰ ਰਾਹੀਂ ਸੂਚਨਾ ਦਿੱਤੀ ਗਈ ਸੀ ਅਤੇ ਏਜੰਡੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ। ਸਰਪੰਚ ਸਤਵੰਤ ਸਿੰਘ ਧਾਲੀਵਾਲ ਨੇ ਵੀ ਦੋ ਵਾਰ ਕੋਰਮ ਪੂਰਾ ਨਾ ਹੋਣ ਕਾਰਨ ਇਜਲਾਸ ਮੁਲਤਵੀ ਹੋਣ ਦੀ ਪੁਸ਼ਟੀ ਕੀਤੀ ਹੈ। ਦੋ ਵਾਰ ਇਜਲਾਸ ਬੁਲਾਏ ਜਾਣ ਦੀ ਪਿੰਡ ਵਾਸੀਆਂ ਨੂੰ ਕੋਈ ਸੂਚਨਾ ਨਾ ਦਿੱਤੇ ਜਾਣ ਦਾ ਕੋਈ ਉਤਰ ਦੇਣ ਦੀ ਥਾਂ ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਅਤੇ ਪੰਚਾਇਤ ਸਕੱਤਰ ਗੁਰਮੀਤ ਸਿੰਘ ਮੌਕੇ ਤੋਂ ਚੁੱਪ-ਚੁਪੀਤੇ ਚਲੇ ਗਏ। ਅੱਜ ਆਮ ਇਜਲਾਸ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਵਿਭਾਗ ਤੋਂ ਸੁਪਰਵਾਈਜ਼ਰ ਭੁਪਿੰਦਰ ਕੌਰ ਆਪਣੀ ਟੀਮ ਸਮੇਤ ਪਹੁੰਚੇ ਹੋਏ ਸਨ। ਪਰ ਖ਼ੁਰਾਕ ਸਪਲਾਈ ਵਿਭਾਗ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਹਾਜ਼ਰ ਨਹੀਂ ਮਿਲਿਆ।