ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਮਾਰਚ
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਵਾਲੇ ਰੋਡ ਸ਼ੋਅ ਲਈ 37 ਬੱਸਾਂ ਭੇਜਣ ਵਾਲੇ ਪੰਜਾਬ ਰੋਡਵੇਜ਼ ਦੇ ਜਗਰਾਉਂ ਡਿਪੂ ਨੇ ਅੱਜ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਖਟਕੜ ਕਲਾਂ ਵਾਸਤੇ 30 ਤੋਂ ਵਧੇਰੇ ਬੱਸਾਂ ਭੇਜੀਆਂ। ਇਹ ਬੱਸਾਂ ਸ਼ਹਿਰ ਦੇ ਕੁਝ ਹਿੱਸਿਆਂ ਤੋਂ ਇਲਾਵਾ ਹਲਕੇ ਦੇ ਦਰਜਨਾਂ ਪਿੰਡਾਂ ’ਚੋਂ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲੈ ਕੇ ਰਵਾਨਾ ਹੋਈਆਂ ਜਿੱਥੇ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰੋਡਵੇਜ਼ ਦੀਆਂ ਇਨ੍ਹਾਂ ਬੱਸਾਂ ਦੇ ‘ਸੇਵਾ’ ਵਿੱਚ ਲੱਗਣ ਕਾਰਨ ਬਹੁਗਿਣਤੀ ਰੋਡਵੇਜ਼ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ। ਸਿੱਟੇ ਵਜੋਂ ਬੱਸ ਅੱਡਿਆਂ ’ਤੇ ਸਵਾਰੀਆਂ ਖੁਆਰ ਹੁੰਦੀਆਂ ਦੇਖੀਆਂ ਗਈਆਂ। ਰੋਡੇਵਜ਼ ਦੀ ਗੈਰਹਾਜ਼ਰੀ ਕਰਕੇ ਪ੍ਰਾਈਵੇਟ ਬੱਸ ਆਪਰੇਟਰਾਂ ਦੀ ਇਕ ਹਫ਼ਤੇ ਅੰਦਰ ਦੂਜੀ ਵਾਰ ਚਾਂਦੀ ਹੁੰਦੀ ਨਜ਼ਰ ਆਈ। ਪ੍ਰਾਈਵੇਟ ਬੱਸਾਂ ਸਮਰੱਥਾ ਤੋਂ ਵਧੇਰੇ ਸਵਾਰੀਆਂ ਨਾਲ ਜਾਂਦੀਆਂ ਦਿਖਾਈ ਦਿੱਤੀਆਂ।
ਰੋਡਵੇਜ਼ ਡਿਪੂ ਦੇ ਅਧਿਕਾਰੀਆਂ ਨੇ ਅੱਜ ਤੀਹ ਤੋਂ ਵਧੇਰੇ ਬੱਸਾਂ ਸਹੁੰ ਚੁੱਕ ਸਮਾਗਮ ’ਚ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰੈਲੀਆਂ, ਮੇਲਿਆਂ ਆਦਿ ਲਈ ਬੱਸਾਂ ਭੇਜਣ ਸਮੇਂ 6000 ਰੁਪਏ ਪ੍ਰਤੀ ਬੱਸ ਕਲੇਮ ਕੀਤੇ ਜਾਂਦੇ ਹਨ। ਇਹ ਅਦਾਇਗੀ ਹੋਣ ’ਤੇ ਵੀ ਰੋਡਵੇਜ਼ ਨੂੰ ਅੱਧੀ ਰਕਮ ਹੀ ਵਸੂਲ ਹੋਵੇਗੀ ਕਿਉਂਕਿ ਸਵਾਰੀਆਂ ਚੁੱਕਣ ’ਤੇ ਪ੍ਰਤੀ ਰੋਡਵੇਜ਼ ਬੱਸ ਔਸਤਨ 10 ਤੋਂ 12 ਹਜ਼ਾਰ ਰੁਪਏ ਦੀ ਕਮਾਈ ਕਰਦੀ ਹੈ। ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੋਤੀ ਦਾ ਕਹਿਣਾ ਸੀ ਕਿ ਇਹ ਅਸਿੱਧੇ ਰੂਪ ’ਚ ਪ੍ਰਾਈਵੇਟ ਬੱਸਾਂ ਨੂੰ ਲਾਹਾ ਦੇਣ ਵਾਲਾ ਕਦਮ ਸੀ ਜੋ ਪਹਿਲਾਂ ਰਵਾਇਤੀ ਪਾਰਟੀਆਂ ਕਰਦੀਆਂ ਆਈਆਂ ਹਨ। ਅਜਿਹੇ ਕਦਮ ਹੀ ਰੋਡਵੇਜ਼ ਅਤੇ ਪੀਆਰਟੀਸੀ ਦੇ ਘਾਟੇ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਨਾਅਰੇ ਤੇ ਉਦੇਸ਼ ਨਾਲ ਤੁਰੀ ਸੀ ਅਤੇ ਹੁਣ ਸੱਤਾ ’ਚ ਆਈ ਹੈ, ਉਸ ਤੋਂ ਪੰਜਾਬੀਆਂ ਨੂੰ ਵੱਡੀਆਂ ਉਮੀਦਾਂ ਹਨ ਪਰ ਸ਼ੁਰੂ ’ਚ ਹੀ ਅੰਮ੍ਰਿਤਸਰ ਵਾਲੇ ਰੋਡ ਸ਼ੋਅ ਅਤੇ ਅੱਜ ਸਹੁੰ ਚੁੱਕਣ ਸਮਾਗਮ ਲਈ ਸਾਹਮਣੇ ਆਏ ਰੁਝਾਨ ਨਾ ਪੰਜਾਬ ਲਈ ਸ਼ੁਭ ਸੰਕੇਤ ਹਨ ਅਤੇ ਨਾ ਹੀ ਆਮ ਆਦਮੀ ਪਾਰਟੀ ਲਈ। ਉਨ੍ਹਾਂ ਕਿਹਾ ਕਿ ਇਕੱਲੇ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਸੀ ਤੇ ਉਸ ਲਈ ਇਹ ਅਡੰਬਰ ਰਚਣ ਦੀ ਲੋੜ ਨਹੀਂ ਸੀ।
ਅਕਾਲੀ ਆਗੂ ਚੰਦ ਸਿੰਘ ਡੱਲਾ ਨੇ ਵੀ ‘ਆਪ’ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਦੂਜੇ ਪਾਸੇ ਬੱਸਾਂ ਰਾਹੀਂ ਖਟਕੜ ਕਲਾਂ ਰਵਾਨਾ ਹੋਣ ਵਾਲੇ ਕੁਲਤਰਨ ਸਿੰਘ ਰਸੂਲਪੁਰ, ਛਿੰਦਰਪਾਲ ਸਿੰਘ ਤੇ ਹੋਰ ਸਮਰੱਥਕਾਂ ਨੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਰੋਧੀਆਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ।