ਗਗਨਦੀਪ ਅਰੋੜਾ
ਲੁਧਿਆਣਾ, 21 ਅਗਸਤ
ਕਿਸਾਨਾਂ ਨੇ ਗੰਨੇ ਦੀ ਐੱਮਐੱਸਪੀ ਐਲਾਨਣ ਸਬੰਧੀ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਸ਼ਨਿੱਚਰਵਾਰ ਨੂੰ ਵੀ ਰੇਲਵੇ ਲਾਈਨਾਂ ’ਤੇ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸੜਕ ਤੇ ਰੇਲਵੇ ਲਾਈਨਾਂ ਜਾਮ ਕਰ ਦਿੱਤੀਆਂ ਸਨ। ਧਰਨੇ ਕਾਰਨ ਰੇਲਵੇ ਨੇ 14 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਸ਼ਨਿੱਚਰਵਾਰ ਨੂੰ ਵੀ ਸਵੇਰੇ ਗਿਣਤੀ ’ਚ ਯਾਤਰੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੁੱਜੇ। ਇਨ੍ਹਾਂ ਯਾਤਰੀਆਂ ਦੀਆਂ ਟਿਕਟਾਂ ਰਿਜ਼ਰਵ ਹੋਣ ਕਾਰਨ ਉਹ ਪਰਿਵਾਰ ਨਾਲ ਸਫ਼ਰ ਕਰਨ ਲਈ ਪੁੱਜੇ ਸਨ। ਸਟੇਸ਼ਨ ਪੁੱਜਣ ’ਤੇ ਯਾਤਰੀਆਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ, ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੋਏ।
ਕਿਸਾਨ ਅੰਦੋਲਨ ਦੇ ਕਾਰਨ ਫਿਰੋਜ਼ਪੁਰ ਰੇਲਵੇ ਲਾਈਨ ਦੀ ਸਿਫ਼ਾਰਿਸ਼ ’ਤੇ 14 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ’ਚ ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ, ਅੰਮ੍ਰਿਤਸਰ ਤੋਂ ਦੇਹਰਾਦੂਨ, ਜੰਮੂਤਵੀ ਤੋਂ ਨਵੀਂ ਦਿੱਲੀ, ਜੰਮੂਤਵੀ ਤੋਂ ਬਨਾਰਸ, ਜੰਮੂਤਵੀ ਤੋਂ ਗੁਹਾਵਟੀ, ਅੰਮ੍ਰਿਤਸਰ ਤੋਂ ਚੰਡੀਗੜ੍ਹ ਸਮੇਤ ਹੋਰ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ 22 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ ਤੇ ਵੱਡੀ ਗਿਣਤੀ ’ਚ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਪੁੱਜਣਾ ਸੀ। ਆਸਪਾਸ ਦੇ ਜ਼ਿਲ੍ਹੇ ਤੇ ਸੂਬਿਆਂ ’ਚ ਜਾਣ ਵਾਲੀਆਂ ਭੈਣਾਂ ਨੇ ਰੇਲ ਗੱਡੀਆਂ ’ਚ ਟਿਕਟਾਂ ਬੁੱਕ ਕਰਵਾ ਰੱਖੀਆਂ ਸਨ ਪਰ ਸਟੇਸ਼ਨ ’ਤੇ ਪੁੱਜਣ ਮਗਰੋਂ ਉਨ੍ਹਾਂ ’ਚ ਨਿਰਾਸ਼ਾ ਪਾਈ ਗਈ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਰੇਲ ਗੱਡੀਆਂ ਰੱਦ ਹੋ ਗਈਆਂ ਹਨ। ਜਿਸ ਤੋਂ ਬਾਅਦ ਬੱਸ ਸਟੈਂਡ ’ਤੇ ਵੀ ਰੇਲ ਗੱਡੀਆਂ ਬੰਦ ਹੋਣ ਕਾਰਨ ਆਮ ਦਿਨਾਂ ਨਾਲੋਂ ਵੱਧ ਭੀੜ ਨਜ਼ਰ ਆਈ।