ਪੱਤਰ ਪ੍ਰੇਰਕ
ਸਮਰਾਲਾ, 8 ਫਰਵਰੀ
ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਵੱਲੋਂ ਪਾਰਟੀ ਦੇ ਹੱਕ ’ਚ ਆਪਣਾ ਚੋਣ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਢਿੱਲੋਂ ਵੱਲੋਂ ਅੱਜ ਪਾਰਟੀ ਦੇ ਵਰਕਰਾਂ ਨਾਲ ਦਰਜਨਾਂ ਪਿੰਡਾਂ ਦਾ ਦੌਰਾ ਕਰ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਪਿੰਡ ਨੀਲੋਂ ਕਲਾਂ ਵਿੱਚ ਨੀਲੋੋਂ ਕਲੋਨੀ ’ਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਜੀਤ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਗਰੀਬ ਵਰਗ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਚਲਾਕੇ ਵੱਡੀਆਂ ਸਹੂਲਤਾਂ ਦੇਣ ’ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ, ਆਟਾ ਦਾਲ ਸਕੀਮ, ਵਜ਼ੀਫਾ ਸਕੀਮ, ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਨਵੇਂ ਸਾਇਕਲ ਦੇਣ ਤੋਂ ਇਲਾਵਾ ਬਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਆਦਿ ਸਕੀਮਾਂ ਸਭ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਂਦ ’ਚ ਆਈਆਂ ਸੀ, ਜਿਨ੍ਹਾਂ ਨੂੰ ਬਾਅਦ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦੇ ਕੇ ਹੌਲੀ-ਹੌਲੀ ਛਾਂਗ ਦਿੱਤਾ ਗਿਆ। ਸ੍ਰੀ ਢਿੱਲੋਂ ਨੇ ਕਿਹਾ ਕਿ ਪਾਰਟੀ ਦੀਆਂ ਸਾਰਥਕ ਤੇ ਲੋਕ ਹਿੱਤਾਂ ਵਾਲੀਆਂ ਨੀਤੀਆਂ ਕਰਕੇ ਹੀ ਲੋਕਅਕਾਲੀ ਦਲ ਤੇ ਬਸਪਾ ਗਠਜੋੜ ’ਚ ਆਪਮੁਹਾਰੇ ਸ਼ਾਮਲ ਹੋ ਰਹੇ ਹਨ।