ਪੱਤਰ ਪ੍ਰੇਰਕ
ਰਾਏਕੋਟ, 29 ਦਸੰਬਰ
ਪੈਰਾ-ਮੈਡੀਕਲ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਨੂੰ ਅੱਜ ਇੱਕ ਹਫ਼ਤਾ ਬੀਤ ਗਿਆ ਹੈ, ਇਸੇ ਲੜੀ ਤਹਿਤ ਸਿਵਲ ਹਸਪਤਾਲ ਰਾਏਕੋਟ ਵਿਖੇ ਕੰਮ ਕਰਦੇ ਮੁਲਾਜ਼ਮਾਂ ਫਾਰਮੇਸੀ ਅਫਸਰ, ਸਟਾਫ ਨਰਸਾਂ, ਲੈਬਾਰਟਰੀ ਟੈਕਨੀਸ਼ੀਅਨ, ਰੇਡੀਓਗ੍ਰਾਫਰ, ਏਐਨਐਮਜ, ਐਮਐਲਟੀ ਯੂਨੀਅਨ ਅਤੇ ਆਸਾ ਵਰਕਰਾਂ ਵੱਲੋਂ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀਨੀਅਰ ਫਾਰਮੇਸੀ ਅਫਸਰ ਜਸਵਿੰਦਰ ਸਿੰਘ ਵਾਲੀਆ ਅਤੇ ਸਟਾਫ ਨਰਸ ਮਨਵਿੰਦਰ ਕੌਰ ਦੱਸਿਆ ਕਿ ਪਿਛਲੇ ਤਕਰੀਬਨ ਇੱਕ ਹਫਤੇ ਤੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਤੋਂਂ ਮੰਗ ਕੀਤੀ ਕਿ ਉਨ੍ਹਾਂ ਦੇ ਅਧੀਨ ਪੀ.ਐਚ.ਸੀ. ਅਤੇ ਐਨ.ਐਚ.ਐਮ ਅਧੀਨ ਵੱਖ-2 ਸਕੀਮਾਂ, ਆਊਟਸੋਰਸ.ਈ.ਐਸ.ਆਈ. ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਜਿਹੜੇ ਪੈਰਾਮੈਡੀਕਲ ਅਤੇ ਦਰਜਾ ਚਾਰ ਕਰਮਚਾਰੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਰਹਿ ਗਏ ਹਨ ਉਹਨਾਂ ਨੂੰ ਸਿਹਤ ਵਿਭਾਗ ਵਿੱਚ ਸ਼ਿਫਟ ਕਰਕੇ ਤੁਰੰਤ ਰੈਗੂਲਰ ਕੀਤਾ ਜਾਵੇ, ਜਿੰਨੀ ਦੇਰ ਤੱਕ ਪੈਰਾਮੈਡੀਕਲ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ।