ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੁਲਾਈ
ਐੱਨਪੀਏ ਦੇ ਮਸਲੇ ’ਤੇ ਸਰਕਾਰ ਦੀ ਡੰਗ ਟਪਾਊ ਨੀਤੀ ਤੋਂ ਖਫ਼ਾ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਅੱਜ ਪੰਜਾਬ ਦੇ ਸਮੁੱਚੇ ਪਸ਼ੂ ਹਸਪਤਾਲਾਂ ਅਤੇ ਜ਼ਿਲ੍ਹਾ ਪੱਧਰੀ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਹਸਪਤਾਲਾਂ ਦੇ ਵਿਹੜਿਆਂ ਅੰਦਰ ਹੀ ਸਮਾਨੰਤਰ ਓਪੀਡੀ ਚਲਾ ਕੇ ਪਸ਼ੂਆਂ ਦਾ ਮੁਫਤ ਇਲਾਜ ਕੀਤਾ। ਇਸ ਦੌਰਾਨ ਦਵਾਈਆਂ ਦਾ ਖਰਚਾ ਵੀ ਡਾਕਟਰਾਂ ਨੇ ਅਪਣੀ ਯੂਨੀਅਨ ਦੇ ਫੰਡ ਵਿੱਚੋਂ ਕੀਤਾ।
ਪੰਜਾਬ ਸਟੇਟ ਵੈਟਰਨਰੀ ਅਫਸਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਚਤਿੰਦਰ ਸਿੰਘ ਰਾਏ ਅਨੁਸਾਰ ਇੱਕ ਅੰਦਾਜ਼ੇ ਮੁਤਾਬਕ ਅੱਜ ਇਕੱਲੇ ਲੁਧਿਆਣੇ ਜ਼ਿਲ੍ਹੇ ਅੰਦਰ ਹੀ ਸੱਤ ਸੌ ਤੋਂ ਵੀ ਵੱਧ ਲੋੜਵੰਦ ਪਸ਼ੂ ਪਾਲਕਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਈ ਗਈ ਜਿਹੜੀ ਕਿ ਆਉਂਦੇ ਸ਼ੁੱਕਰਵਾਰ ਤੱਕ ਜਾਰੀ ਰਹੇਗੀ। ਪੰਜਾਬ ਸਟੇਟ ਵੈਟਰਨਰੀ ਆਫਿਸਰਜ਼ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਡਾ. ਗਗਨਦੀਪ ਕੌਸ਼ਲ ਅਨੁਸਾਰ ਜੁਆਇੰਟ ਗੌਰਮਿੰਟ ਡਾਕਟਰਜ਼ ਕੋ -ਆਰਡੀਨੇਸ਼ਨ ਕਮੇਟੀ ਨੇ ਅਗਲੇ ਸੋਮਵਾਰ ਤੋਂ ਜ਼ਿਲ੍ਹਾ ਪੱਧਰੀ ਦਫਤਰਾਂ ਨੂੰ ਮੁਕੰਮਲ ਤੌਰ ’ਤੇ ਜਾਮ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਸਰਕਾਰ ਨੂੰ ਕੁੰਭ ਕਰਨੀ ਨੀਂਦ ਵਿੱਚੋਂ ਜਗਾਇਆ ਜਾ ਸਕੇ। ਜ਼ਿਕਰ ਯੋਗ ਹੈ ਕਿ ਮੈਡੀਕਲ ਅਤੇ ਵੈਟਰਨਰੀ ਡਾਕਟਰ ਐੱਨਪੀਏ ਵਿੱਚ ਕਟੌਤੀ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੀ ਲਾਰੇ ਲੱਪੇ ਵਾਲੀ ਨੀਤੀ ਹਾਲੇ ਤੱਕ ਜਾਰੀ ਹੈ।