ਗੁਰਿੰਦਰ ਸਿੰਘ
ਲੁਧਿਆਣਾ, 31 ਮਾਰਚ
ਪੰਥਕ ਦਲ ਪੰਜਾਬ ਵੱਲੋਂ ਸਿੱਖ ਕੌਮ ਨੂੰ ਵੱਖਰੀ ਕੌਮ ਦਾ ਦਰਜਾ ਦਿਵਾਉਣ ਲਈ ਸੰਵਿਧਾਨ ਵਿੱਚ ਸੋਧ ਦੀ ਮੰਗ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸਿੱਖ ਕੌਮ ਦੀ ਰਾਇ ਲੈਣ ਲਈ ਟੌਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ।
ਇੱਥੇ ਅੱਜ ਪੰਥਕ ਦਲ ਪੰਜਾਬ ਦੇ ਆਗੂਆਂ ਭਵਨ ਸਿੰਘ ਸਿੱਧੂ ਅਤੇ ਜੰਗ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਵਿੱਚ ਸਿੱਖ ਕੌਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਰ ਧਰਮ ਦਾ ਬਹੁਤ ਸਤਿਕਾਰ ਕਰਦੀ ਹੈ ਅਤੇ ਸਿੱਖ ਧਰਮ ਮੰਨਦਾ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਇੱਕ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਲੋਕ ਲਹਿਰ ਬਣਾਉਣ ਲਈ 80945 50111 ਟੌਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ ਜਿਸ ਰਾਹੀਂ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖ ਇਸ ਨੰਬਰ ’ਤੇ ਮਿਸ ਕਾਲ ਕਰ ਕੇ ਭਾਰਤੀ ਸਵਿੰਧਾਨ ਦੀ ਧਾਰਾ 25(ਬੀ) ਵਿੱਚ ਸੋਧ ਕਰਵਾਉਣ ਲਈ ਉਨ੍ਹਾਂ ਦਾ ਸਹਿਯੋਗ ਕਰ ਸਕਦੇ ਹਨ ਤਾਂ ਜੋ ਇੱਕ ਪ੍ਰਭਾਵਸ਼ਾਲੀ ਦਸਤਾਵੇਜ਼ ਬਣਾ ਕੇ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਲੋਕ ਲਹਿਰ ਰਾਹੀਂ ਭਾਰਤ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਵੱਖਰੀ ਕੌਮ ਦੀ ਮੰਗ ਪੂਰੇ ਵਿਸ਼ਵ ‘’ਚ ਵੱਸਦੇ ਸਿੱਖਾਂ ਦੀ ਮੰਗ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਭਾਰਤ ਵਿੱਚ ਬਣਦੇ ਹੱਕਾਂ ਲਈ ਕਾਨੂੰਨੀ ਅਤੇ ਸੰਵਿਧਾਨਕ ਤੌਰ ਤੇ ਵੱਖਰੀ ਮਾਨਤਾ ਨਹੀਂ ਜਦਕਿ ਸਿੱਖਾਂ ਲਈ ਵਿਆਹ ਕਰਵਾਉਣ ਸਬੰਧੀ ਅਨੰਦ-ਕਾਰਜ ਐਕਟ ਵੀ ਬਣਾਇਆ ਗਿਆ ਹੈ ਪਰ ਇਹ ਕਾਨੂੰਨ ਅੱਜ ਤੱਕ ਪੂਰੇ ਭਾਰਤ ਵਿੱਚ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਸੰਵਿਧਾਨ ਵਿੱਚ ਸੋਧ ਕਰਦਿਆਂ ਸਿੱਖ ਕੌਮ ਨੂੰ ਬਣਦੇ ਹੱਕ ਦਿੱਤੇ ਜਾਣ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।