ਪੱਤਰ ਪ੍ਰੇਰਕ
ਜਗਰਾਉਂ, 7 ਜੁਲਾਈ
ਕਰੀਬ 17 ਵਰ੍ਹੇ ਪਹਿਲਾਂ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਈ ਰਸੂਲਪੁਰ ਦੀ ਕੁਲਵੰਤ ਕੌਰ ਦਾ ਹਾਲ ਜਾਨਣ ਲਈ ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਉਸ ਦੇ ਘਰ ਪੁੱਜੇ। ਪੰਥਕ ਦਲ ਦੇ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ, ਪੈਨਲ ਮੈਂਬਰ ਦਲੀਪ ਸਿੰਘ ਚਕਰ ਨੇ ਕੁਲਵੰਤ ਕੌਰ ਤੋਂ ਸਾਰੀ ਜਾਣਕਾਰੀ ਲਈ। ਉਸ ਨੇ ਆਗੂਆਂ ਨੂੰ ਦੱਸਿਆ ਕਿ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਇਸੇ ਲਈ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੱਤਰ ਲਿੱਖ ਕੇ ਮੌਤ ਜਾਂ ਇਨਸਾਫ਼ ਦੀ ਮੰਗ ਕੀਤੀ ਸੀ।
ਪੀੜਤਾ ਨੇ ਆਗੂਆਂ ਨੂੰ ਦੱਸਿਆ ਕਿ ਉਸ ਦੇ ਪਰਿਵਾਰ ਨੇ ਇਨਸਾਫ਼ ਲਈ ਕਾਫ਼ੀ ਯਤਨ ਕੀਤੇ ਪਰ ਉਨ੍ਹਾਂ ਦਾ ਫ਼ਾਇਦਾ ਨਹੀਂ ਹੋਇਆ। ਉਸ ਨੇ ਕਿਹਾ ਕਿਹਾ ਕਿ ਭਾਵੇਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਇੰਨੇ ਸਾਲਾਂ ’ਚ ਉਸ ਨੂੰ ਕਿਸੇ ਨੇ ਵੀ ਇਨਸਾਫ਼ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੌਕੇ ਪੰਥਕ ਦਲ ਦੇ ਆਗੂਆਂ ਨਾਲ ਹਾਜ਼ਰ ਕਿਸਾਨ ਵਿੰਗ ਪ੍ਰਧਾਨ ਬੂਟਾ ਸਿੰਘ ਮਲਕ, ਹਰਕਿਸ਼ਨ ਸਿੰਘ ਕੋਠੇ ਜੀਵੇ, ਜਰਨੈਲ ਸਿੰਘ ਰਾਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੀੜਤ ਲੜਕੀ ਨੂੰ ਇਨਸਾਫ਼ ਦਿੱਤਾ ਜਾਵੇ ਤੇ ਦੋਸ਼ੀ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।