ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਪਰੈਲ
ਪੰਜਾਬੀ ਬੋਲੀ, ਸਭਿਆਚਾਰ ਅਤੇ ਸਾਫ ਸੁਥਰੀ ਗਾਇਕੀ ਦੇ ਹਾਮੀ ਪ੍ਰੋ. ਪੰਡਿਤਰਾਓ ਧਰੇਨਵਰ ਦੀ ਪੁਰਾਣੀ ਮੁਹਿੰਮ ਨਵੀਂ ਸਰਕਾਰ ’ਚ ਵੀ ਜਾਰੀ ਹੈ। ‘ਸਭਿਆਚਾਰ ਤੇ ਭਾਸ਼ਾ ਬਚਾਓ’, ‘ਲੱਚਰ, ਸ਼ਰਾਬੀ ਤੇ ਹਥਿਆਰੀ ਗਾਣੇ ਬੰਦ ਕਰਾਓ’, ‘ਬਿੱਲ ਲਿਆਓ ਕਾਨੂੰਨ ਬਚਾਓ’ ਅਤੇ ‘ਰੰਗਲਾ ਪੰਜਾਬ ਬਚਾਓ’ ਦੀ ਇਬਾਰਤ ਵਾਲੇ ਬੈਨਰ ਫੜ ਕੇ ਉਨ੍ਹਾਂ ਦੋ ਘੰਟੇ ਤੱਕ ਇਥੇ ਲਾਲਾ ਲਾਜਪਤ ਰਾਏ ਬੱਸ ਟਰਮੀਨਲ ਦੇ ਬਾਹਰ ਕੌਮੀ ਮਾਰਗ ’ਤੇ ਖੜ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਸਮੇਂ ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਸਮੇਂ ਤੋਂ ਇਹ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਪਿਛਲੀਆਂ ਸਰਕਾਰਾਂ ਤੇ ਮੰਤਰੀ ਨੇ ਉਨ੍ਹਾਂ ਦੀ ਮੰਗ ਨਾਲ ਸਹਿਮਤੀ ਤਾਂ ਪ੍ਰਗਟ ਕਰਦੇ ਰਹੇ ਪਰ ਇਨ੍ਹਾਂ ਦੀ ਪੂਰਤੀ ਵੱਲ ਠੋਸ ਕਦਮ ਨਹੀਂ ਚੁੱਕੇ। ਉਹ ਹੁਣ ਨਵੀਂ ਬਣੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸਵੰਦ ਹਨ।