ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 17 ਅਕਤੂਬਰ
ਹਲਕੇ ਦੀਆਂ 47 ਪੰਚਾਇਤਾਂ ਵਿੱਚੋਂ 43 ਵੱਲੋਂ ਪਰਾਲੀ ਸਾੜਣ ਖ਼ਿਲਾਫ਼ ਵਿੱਢੀ ਮੁਹਿੰਮ ਦੇ ਹੱਕ ਵਿੱਚ ਮਤੇ ਪਾਏ ਜਾਣ ਨਾਲ ਅਹਿਮਦਗੜ੍ਹ ਸਬ-ਡਵੀਜਨ ਮੋਹਰੀ ਹੋ ਨਬਿੜਿਆ ਹੈ, ਜਦੋਂ ਕਿ ਬਾਕੀ ਰਹਿੰਦੀਆਂ ਪੰਚਾਇਤਾਂ ਵੱਲੋਂ ਵੀ ਸਹਿਯੋਗ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਡਿਪਟੀ ਕਮਿਸ਼ਨਰ ਸੰਯਮ ਅੱਗਰਵਾਲ ਦੀ ਅਗਵਾਈ ਹੇਠ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲਿਆ ਹੈ, ਜਿਸ ਸਦਕਾ 91.4 ਫੀਸਦੀ ਪੰਚਾਇਤਾਂ ਨੇ ਪਰਾਲੀ ਸਾੜਣ ਦੇ ਨੁਕਸਾਨਾਂ ਨੂੰ ਦੇਖਦਿਆਂ ਅਧਿਕਾਰਤ ਤੌਰ ’ਤੇ ਮਤੇ ਪਾ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਸੌਂਪ ਦਿੱਤੇ ਹਨ। ਇਸੇ ਤਰ੍ਹਾਂ ਰਹਿੰਦੀਆਂ ਚਾਰ ਪੰਚਾਇਤਾਂ ਨੇ ਵੀ ਜਲਦੀ ਮਤੇ ਪਾਉਣ ਦਾ ਭਰੋਸਾ ਦਿੱਤਾ ਹੈ। ਡੀਸੀ ਰਾਜਦੀਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਦੀ 87.5 ਫੀਸਦੀ ਸਫ਼ਲਤਾ ਦਰ ਨਾਲੋਂ ਅਹਿਮਦਗੜ੍ਹ ਸਬ ਡਵੀਜਨ ਦੀ 91.4 ਫੀਸਦੀ ਪੰਚਾਇਤਾਂ ਦੀ ਪ੍ਰਤੀਸ਼ਤਤਾ ਇਸ ਇਲਾਕੇ ਲਈ ਚੰਗਾ ਸੰਕੇਤ ਹੈ।
ਮਾਛੀਵਾੜਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਰਾਜੇਵਾਲ-ਰਾਜਪੂਤਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਛੀਵਾੜਾ ਨੇ ਮੁੱਖ ਅਫ਼ਸਰ ਲੁਧਿਆਣਾ ਡਾ. ਅਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਦਾਰਾ ਸਿੰਘ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਗਗਨਦੀਪ ਸਿੰਘ ਨੇ ਪਰਾਲੀ ਪ੍ਰਬੰਧ ਸਬੰਧੀ ਸਰਕਾਰ ਦੀਆਂ ਹਦਾਇਤਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਵਾਹੁਣ ਦੀ ਅਪੀਲ ਕੀਤੀ, ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ ਅਤੇ ਅਗਲੀ ਫ਼ਸਲ ਨੂੰ ਜ਼ਰੂਰੀ ਲੋੜੀਂਦੇ ਤੱਤ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਜੂਨੀਅਰ ਤਕਨੀਸ਼ੀ ਅਨਮਨਪ੍ਰੀਤ ਸਿੰਘ ਨੇ ਆਈ-ਖੇਤ ਮੋਬਾਈਲ ਐਪਲੀਕੇਸ਼ਨ ਬਾਰੇ ਦੱਸਿਆ। ਕੈਂਪ ਵਿਚ ਅਵਤਾਰ ਸਿੰਘ ਏਟੀਐੱਮ ਨੇ ਆਤਮਾ ਸਕੀਮ ਅਧੀਨ ਵੱਖ ਵੱਖ ਗਤੀਵਿਧੀਆਂ ਅਤੇ ਕਣਕ ਬੀਜ ਦੀ ਸਬਸਿਡੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਫਾਰਮ 26 ਅਕਤੂਬਰ ਤੱਕ ਭਰੇ ਜਾ ਸਕਦੇ ਹਨ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ, ਅਗਾਂਹਵਧੂ ਕਿਸਾਨ ਪ੍ਰਿਤਪਾਲ ਸਿੰਘ, ਜੁਗਰਾਜ ਸਿੰਘ ਸਿਕੰਦਰਪੁਰ, ਅਜਮੇਰ ਸਿੰਘ, ਹਰਭਜਨ ਸਿੰਘ ਮੌਜੂਦ ਸਨ।
ਸ਼ੇਖ ਦੌਲਤ ਦੇ ਕਿਸਾਨ ਨੇ ਜੰਮੂ ਦੇ ਕਿਸਾਨਾਂ ਨੂੰ ਉੱਨਤ ਖੇਤੀ ਦੇ ਗੁਰ ਦੱਸੇ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਸ਼ੇਖ ਦੌਲਤ ਦੇ ਅਗਾਂਹਵਧੂ ਕਿਸਾਨ ਹਰਪਾਲ ਸਿੰਘ ਔਲਖ ਨੇ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਜੰਮੂ ਵੱਲੋਂ ਛਾਥਾ ਵਿੱਚ ਕਰਵਾਈ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਜੰਮੂ ਦੇ ਕਿਸਾਨਾਂ ਨੂੰ ਉੱਨਤ ਤੇ ਆਧੁਨਿਕ ਖੇਤੀ ਦੇ ਗੁਰ ਦੱਸੇ। ਕਾਨਫਰੰਸ ਦੌਰਾਨ ਔਲਖ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਜੇਪੀ ਸ਼ਰਮਾ ਨੇ ਸਨਮਾਨਿਆ। ਕਿਸਾਨਾਂ ਨਾਲ ਖੇਤੀ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਔਲਖ ਨੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਰਾਇ ਮੁਤਾਬਕ ਖੇਤੀ ਕਰਨ, ਉਸੇ ਅਨੁਸਾਰ ਫ਼ਸਲਾਂ ਦੀ ਸਾਂਭ ਸੰਭਾਲ ਕਰਨ ਤੇ ਬੀਜਾਂ ਵੱਲ ਵਿਸ਼ੇਸ਼ ਤਵੱਜੋਂ ਦੇਣ ਲਈ ਪ੍ਰੇਰਿਆ। ਹਰਪਾਲ ਸਿੰਘ ਔਲਖ ਨੇ ਮੂੰਗਫਲੀ, ਮੂੰਗੀ, ਮੱਕੀ ਆਦਿ ਫ਼ਸਲਾਂ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਪੰਜਾਬ ਦੇ ਕਿਸਾਨਾਂ ਵਿੱਚੋਂ ਸਿਰਫ਼ ਹਰਪਾਲ ਸਿੰਘ ਔਲਖ ਨੂੰ ਹੀ ਇਸ ਕਾਨਫਰੰਸ ਲਈ ਸੱਦਾ ਮਿਲਿਆ ਸੀ।