ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਜੁਲਾਈ
ਪੰਚਾਇਤ ਸਮਿਤੀ ਕਰਮਚਾਰੀ ਯੂਨੀਅਨ ਨੇ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀਂ ਮੰਗਾਂ ਦਾ ਨਿਪਟਾਰਾ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਅੱਜ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਨਦੀਪ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਅਧੂਰਾ 6ਵਾਂ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ, ਉਸ ਨੂੰ ਵਾਪਸ ਲੈ ਕੇ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਅਨੁਸਾਰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕਰਮਚਾਰੀਆਂ ਨਾਲ ਕੀਤੇ ਵਾਅਦਿਆਂ ਤੋਂ ਮੂੰਹ ਫੇਰਦੀ ਆ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕਰਨਗੇ। ਇਸ ਮੌਕੇ ਗੁਰਪ੍ਰੀਤ ਕੌਰ, ਸੰਦੀਪ ਸਿੰਘ, ਵਿਕਾਸ ਬੱਤਾ, ਗੁਰਮੀਤ ਸਿੰਘ, ਜੀਵਨ ਸਿੰਘ, ਪ੍ਰੇਮ ਸਿੰਘ, ਅਮਨਦੀਪ ਸਿੰਘ, ਰਛਪਾਲ ਕੋਰ, ਕਾਮਨੀ, ਹਰਵਿੰਦਰ ਕੌਰ, ਸਤਵਿੰਦਰ ਸਿੰਘ ਹਾਜ਼ਰ ਸਨ।