ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਸਤੰਬਰ
ਛੇ ਮਹੀਨੇ ਪਹਿਲਾਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲੀਸ ਦੇ ਨਸ਼ੇ ਸਬੰਧੀ ਦਾਅਵੇ ਇਕ ਗਰਾਮ ਪੰਚਾਇਤ ਦਾ ਪੱਤਰ ਝੁਠਲਾਉਂਦਾ ਨਜ਼ਰ ਆ ਰਿਹਾ ਹੈ। ਨੇੜਲੇ ਇਤਿਹਾਸਕ ਪਿੰਡ ਮਾਣੂੰਕੇ ਦੇ ਸਰਪੰਚ ਪ੍ਰਿੰ. ਗੁਰਮੁਖ ਸਿੰਘ ਸੰਧੂ ਵੱਲੋਂ ਪੰਚਾਇਤ ਦੇ ਲੈਡਰਪੈਡ |ਤੇ ਜਾਰੀ ਤਾੜਨਾ-ਨੁਮਾ ਪੱਤਰ ’ਚ ਨਸ਼ਾ ਤਸਕਰਾਂ ਤੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ ਨੂੰ ‘ਗੰਭੀਰ ਨਤੀਜੇ’ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਪੱਤਰ ’ਚ ਉਨ੍ਹਾਂ ਸਪੱਸ਼ਟ ਲਿਖਿਆ ਹੈ ਕਿ ਸਿਆਸੀ ਧਿਰ ਦੇ ਆਗੂ ਨਾਲ ਨੇੜਤਾ ਦਿਖਾ ਕੇ ਕਿਸੇ ਨੂੰ ਵੀ ਨਸ਼ੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜੇਕਰ ਅਜਿਹੇ ਕੰਮ ’ਚ ਉਨ੍ਹਾਂ ਦਾ ਆਪਣਾ ਕੋਈ ਨਜ਼ਦੀਕੀ ਜਾਂ ਪੰਚਾਇਤ ਮੈਂਬਰਾਂ ਵੀ ਸ਼ਾਮਲ ਮਿਲਿਆ ਤਾਂ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਹੋਕਾ ਨਹੀਂ ਸਗੋਂ ਸਖ਼ਤ ਕਾਰਵਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਹੈ। ਦੂਜੀ ਵਾਰ ਪਿੰਡ ਦੇ ਸਰਪੰਚ ਬਣੇ ਗੁਰਮੁਖ ਸਿੰਘ ਸੰਧੂ ਦਾ ਇਹ ਪੱਤਰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਿਹਾ ਹੈ, ਜਿਸ ਦੀ ਲੋਕ ਸ਼ਲਾਘਾ ਵੀ ਕਰ ਰਹੇ ਹਨ। ਇਸ ਸਬੰਧੀ ਸਰਪੰਚ ਨੇ ਕਿਹਾ ਕਿ ਪਿੰਡ ’ਚ ਕੁਝ ਸਮੇਂ ਨਸ਼ੇ ਦੇ ਵਪਾਰ ਤੋਂ ਇਲਾਵਾ ਦੇਹ ਵਪਾਰ ਦਾ ਧੰਦਾ ਵੀ ਚੱਲ ਰਿਹਾ ਹੈ। ਇਸੇ ਲਈ ਉਨ੍ਹਾਂ ਨੇ ਹੁਣ ਸਖ਼ਤੀ ਦਿਖਾਉਣੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਚਿਤਾਵਨੀ ਤੋਂ ਬਾਅਦ ਜਿਹੜਾ ਵੀ ਗ਼ਲਤ ਧੰਦਿਆ ’ਚ ਫੜਿਆ ਗਿਆ ਉਸ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਉਸ ਦੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ। ਇਸ ਲਈ ‘ਚਿੱਟਾ’ ਅਤੇ ਹੋਰ ਨਸ਼ਾ ਵੇਚਣ ਵਾਲੇ ਫੌਰੀ ਇਹ ਕੰਮ ਬੰਦ ਕਰ ਦੇਣ। ਇਸੇ ਤਰ੍ਹਾਂ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਵੀ ਬਾਜ਼ ਆ ਜਾਣ। ਇਸ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਦਿਨ ਪਹਿਲਾਂ ਇਕ ਸਿਆਸੀ ਧਿਰ ਦੇ ਆਗੂ ਨੂੰ ਨਸ਼ਾ ਵੇਚਣ ਤੋਂ ਵਰਜਿਆ ਸੀ ਅਤੇ ਸਮਝਾਉਣ ’ਤੇ ਇਸ ਆਗੂ ਨੇ ਭਰੋਸਾ ਦਿਵਾਇਆ ਸੀ ਕਿ ਉਹ ਅੱਗੇ ਤੋਂ ਅਜਿਹਾ ਕੰਮ ਨਹੀਂ ਕਰੇਗਾ। ਇਸ ਸਬੰਧੀ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਰਪੰਚ ਗੁਰਮੁਖ ਸਿੰਘ ਸੰਧੂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਪੁਲੀਸ ਨਸ਼ੇ ਰੋਕਣ ਅਤੇ ਦੇਹ ਵਪਾਰ ਦਾ ਧੰਦਾ ਬੰਦ ਕਰਵਾਉਣ ਲਈ ਪੰਚਾਇਤ ਦੀ ਹਰ ਸੰਭਵ ਮੱਦਦ ਕਰੇਗੀ।