ਰਾਮ ਸ਼ਰਨ ਸੂਦ
ਅਮਲੋਹ 19 ਜਨਵਰੀ
ਪਿੰਡ ਨੂਰਪੁਰਾ ਦੇ ਲੋਕਾਂ ਨੇ ਦੋਸ਼ ਲਾਇਆ ਕਿ ਕਥਿਤ ਪੱਖਪਾਤ ਤਹਿਤ ਉਨ੍ਹਾਂ ਦੇ ਘਰਾਂ ਅੱਗੇ ਗਲੀ ਬਣਾਉਣੀ ਪੰਚਾਇਤ ਨੇ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਪੰਚ ਵੱਲੋਂ ਬਿਨਾਂ ਮਨਜ਼ੂਰੀ ਪਿੰਡ ਦੇ ਟੋਭੇ ਵਿਚੋਂ ਮਿੱਟੀ ਨੂੰ ਪੁੱਟ ਕੇ ਕਥਿਤ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ, ਜਿਸ ਬਾਰੇ ਵਿਭਾਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਸਚਾਈ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ਼ ਦੇਣ ਦੀ ਮੰਗ ਕੀਤੀ। ਉਧਰ ਪਿੰਡ ਦੀ ਸਰਪੰਚ ਅਮਨਜੋਤ ਕੌਰ ਨਾਲ ਸੰਪਰਕ ਕੀਤਾਂ ਤਾਂ ਉਸ ਦੇ ਪਤੀ ਰਣਧੀਰ ਸਿੰਘ ਨੇ ਦੋਸ਼ਾਂ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਗੰਦਗੀ ਚੁਕਵਾ ਕੇ ਪਾਰਕ ਬਣਵਾਇਆ ਜਾ ਰਿਹਾ ਹੈ ਪ੍ਰੰਤੂ ਕੁੱਝ ਲੋਕਾਂ ਵੱਲੋਂ ਵਿਕਾਸ ਵਿਚ ਰੋੜ੍ਹਾ ਅਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਭੇ ਦੀ ਮਿੱਟੀ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ਾਂ ਨੂੰ ਉਨ੍ਹਾਂ ਗ਼ਲਤ ਦੱਸਿਆ।
ਕੀ ਕਹਿੰਦੇ ਨੇ ਬਲਾਕ ਅਧਿਕਾਰੀ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਹੀ ਮੌਕਾ ਦੇਖਿਆ ਜਾ ਰਿਹਾ ਹੈ, ਜਿਸ ਉਪਰੰਤ ਹੀ ਅਸਲ ਜਾਣਕਾਰੀ ਸਾਹਮਣੇ ਆਵੇਗੀ।