ਗੁਰਿੰਦਰ ਸਿੰਘ
ਲੁਧਿਆਣਾ, 24 ਅਗਸਤ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਕਿਸਾਨੀ ਮੰਗਾਂ ਸਬੰਧੀ ਵੇਰਕਾ ਮਿਲਕ ਪਲਾਂਟ ਅੱਗੇ ਪੱਕਾ ਧਰਨਾ ਲਾ ਕੇ ਸੰਘਰਸ਼ ਵਿੱਢ ਦਿੱਤਾ ਹੈ।
ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਦੁੱਧ ਵਿੱਚ 55 ਰੁਪਏ ਕਿੱਲੋ ਫੇਟ ਦੇਣ ਦਾ ਵਾਅਦਾ ਕੀਤਾ ਸੀ, ਜਿਸ ਵਿੱਚ 20 ਰੁਪਏ ਕਿਲੋ ਫੈਟ ਮਿਲਕਫੈੱਡ ਨੇ ਦੇ ਦਿੱਤੇ ਹਨ ਪਰ 35 ਰੁਪਏ ਦੇਣ ਤੋਂ ਪੰਜਾਬ ਸਰਕਾਰ ਮੁੱਕਰ ਗਈ ਹੈ, ਜਿਸ ਕਰਕੇ ਦੁੱਧ ਉਤਪਾਦਕਾਂ ਵਿੱਚ ‘ਆਪ’ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਉਨ੍ਹਾਂ ਨੂੰ ਵੇਰਕਾ ਮਿਲਕ ਪਲਾਂਟ ਅੱਗੇ ਪੱਕੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਕੋਈ ਸਿਆਸੀ ਦਲ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਉਦੋਂ ਉਹ ਭੋਲੇ-ਭਾਲੇ ਲੋਕਾਂ ਨੂੰ ਝੂਠੇ-ਸੱਚੇ ਵਾਅਦੇ ਕਰਕੇ ਭਰਮਾਉਂਦਾ ਹੈ ਪਰ ਸੱਤਾ ਵਿੱਚ ਆਉਣ ਮਗਰੋਂ ਸਿਆਸੀ ਧਿਰ ਆਪਣੇ ਵਾਅਦੇ ਭੁੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਇੱਕ ਲੱਖ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ। ਦੁੱਧ ਉਤਪਾਦਕਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਤਾਂ ਕੀ ਮਿਲਣਾ ਸੀ, ਸਗੋਂ ਉਨ੍ਹਾਂ ਗਾਵਾਂ ਦੇ ਸਸਕਾਰ ਲਈ ਜ਼ਮੀਨ ਵਿੱਚ ਡੂੰਘਾ ਟੋਆ ਪੁੱਟਣ ਲਈ ਜੇਸੀਬੀ ਮਸ਼ੀਨ ਦਾ ਖਰਚਾ ਵੀ ਨਹੀਂ ਦੇ ਰਹੀ ਹੈ, ਜਦ ਕਿ ਸਰਕਾਰ ਹਰ ਸਾਲ ਆਮ ਲੋਕਾਂ ਤੋ ਗਊ ਸੈਸ ਦੇ ਨਾਮ ਤੇ ਕਰੋੜਾਂ ਰੁਪਏ ਇੱਕਠਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 3 ਫ਼ੀਸਦੀ ਦੇ ਨੇੜੇ ਗਾਵਾਂ ਦੀ ਲੰਪੀ ਸਕਿਨ ਬਿਮਾਰੀ ਕਰਕੇ ਮੌਤ ਹੋ ਚੁੱਕੀ ਹੈ ਅਤੇ ਦੁੱਧ ਉਤਪਾਦਨ ਵਿੱਚ 15 ਫ਼ੀਸਦੀ ਦੇ ਕਰੀਬ ਗਿਰਾਵਟ ਹੋਈ ਹੈ। ਇਨ੍ਹਾਂ ਹਾਲਤਾਂ ਵਿੱਚ ਪੰਜਾਬ ਦੇ ਛੋਟੇ ਕਿਸਾਨ ਜਿਹੜੇ ਡੇਅਰੀ ਸਹਾਇਕ ਧੰਦਿਆਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ’ਤੇ ਬਹੁਤ ਹੀ ਮਾੜਾ ਅਸਰ ਪਿਆ ਹੈ ਪਰ ‘ਆਪ’ ਸਰਕਾਰ ਨੇ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਸਰਕਾਰ ਨੂੰ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ।