ਦੇਵਿੰਦਰ ਸਿੰਘ ਜੱਗੀ
ਪਾਇਲ, 26 ਮਈ
ਨੇੜਲੇ ਪਿੰਡ ਘੁਡਾਣੀ ਖੁਰਦ ਦੀ ਪੰਚਾਇਤ ਵੱਲੋਂ ਵੋਟਾਂ ਤੋਂ ਇੱਕ ਦਿਨ ਪਹਿਲਾਂ 126 ਦੇ ਕਰੀਬ ਗਰੀਬ ਪਰਿਵਾਰਾਂ ਨੂੰ 2-2 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਦਿੱਤੀਆਂ ਗਈਆਂ ਪਰ ਅੱਜ ਤੱਕ ਪੰਚਾਇਤ ਵੱਲੋਂ ਕਿਸੇ ਨੂੰ ਕੋਈ ਪਲਾਟ ਨਹੀਂ ਦਿੱਤਾ ਗਿਆ। ਉਲਟਾ ਪੰਚਾਇਤ ਵੱਲੋਂ ਪਲਾਟਾਂ ਵਾਲੀ 9 ਵਿੱਘੇ ਜ਼ਮੀਨ ਦੀ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀਆਂ ਨੇ ਬੋਲੀ ਨਹੀਂ ਹੋਣ ਦਿੱਤੀ। ਅੱਜ ਇਹ ਮਾਮਲਾ ਹਲਕਾ ਵਿਧਾਇਕ ਦੇ ਦਫਤਰ ਪੁੱਜਾ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ, ਕੇਸਰ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਕੌਰ ਸਾਰੇ ਪੰਚ, ਬਲਵੀਰ ਸਿੰਘ ਨੇ ਦੱਸਿਆ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਲਖਵੀਰ ਸਿੰਘ ਲੱਖਾ ਦੀਆਂ ਫੋਟੋਆਂ ਵਾਲੀਆਂ 2-2 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਵੰਡੀਆਂ ਗਈਆਂ ਪਰ ਅੱਜ ਤੱਕ ਪਲਾਟ ਨਹੀਂ ਦਿੱਤੇ ਗਏ। ਪੰਚਾਂ ਤੇ ਲੋਕਾਂ ਨੇ ਸਰਪੰਚ ਤੇ ਦੋਸ਼ ਲਾਇਆ ਕਿ ਰਿਜ਼ਰਵ ਕੋਟੇ ਵਾਲੀ 9 ਵਿੱਘੇ ਜ਼ਮੀਨ ਦੀ ਬੋਲੀ ਕਰਵਾਉਣ ਲੱਗਾ, ਜਿਸ ਵਿੱਚੋਂ ਪਲਾਟ ਕੱਟ ਕੇ ਦੇਣੇ ਸਨ, ਨੂੰ ਮੌਕੇ ‘ਤੇ ਰੋਕ ਦਿੱਤਾ ਗਿਆ। ਫਿਰ ਉਹ ਇਹ ਪਲਾਟਾਂ ਦਾ ਮਾਮਲਾ ਲੈ ਕੇ ਇਨਸਾਫ ਲੈਣ ਲਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫਤਰ ਪੁੱਜੇ ਹਾਂ ਪਰ ਉਹ ਦਫਤਰ ਹਾਜ਼ਰ ਨਾ ਹੋਣ ਕਰਕੇ ਨਾ ਮਿਲ ਸਕੇ, ਫਿਰ ਉਹ ਬੀਡੀਪੀਓ ਦੋਰਾਹਾ ਨੂੰ ਮਿਲੇ। ਪੰਚ ਕੇਸਰ ਸਿੰਘ ਨੇ ਦੱਸਿਆ ਕਿ ਬੀਡੀਪੀਓ ਦੋਰਾਹਾ ਨੂੰ ਪਲਾਟਾਂ ਸਬੰਧੀ ਦਰਖਾਸਤ ਦਿੱਤੀ ਗਈ ਹੈ, ਜਿਨ੍ਹਾਂ ਨੇ ਪਲਾਟ ਦੇਣ ਸਬੰਧੀ ਭਰੋਸਾ ਦਿੱਤਾ ਹੈ। ਇਸ ਸਬੰਧੀ ਸਰਪੰਚ ਰਣਜੀਤ ਕੌਰ ਅਤੇ ਪੰਚ ਸਵਰਨਜੀਤ ਸਿੰਘ ਬਿੱਟੂ ਨੇ ਕਿਹਾ ਉਨ੍ਹਾਂ ਕੋਈ ਦਿੱਕਤ ਨਹੀਂ। ਪਲਾਟਾਂ ਬਾਰੇ ਗਰਾਮ ਸਭਾ ਵਿੱਚ ਮਤਾ ਪਾ ਕੇ ਬੀਡੀਪੀਓ ਦਫਤਰ ਭੇਜਿਆ ਗਿਆ ਹੈ ਪਰ ਉੱਥੇ ਮਨਜ਼ੂਰ ਨਹੀਂ ਹੋਇਆ।