ਸੰਤੋਖ ਗਿੱਲ
ਰਾਏਕੋਟ, 29 ਅਕਤੂਬਰ
ਥਾਣਾ ਸਦਰ ਰਾਏਕੋਟ ਦੀ ਪੁਲੀਸ ਪੱਖੋਵਾਲ ਵਾਸੀ ਅੰਗਦਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਰੀਬ ਢਾਈ ਦਰਜਨ ਤੋਂ ਵਧੇਰੇ ਵਿਅਕਤੀਆਂ ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ ਨੂੰ ਪਿੰਡ ਨੂਰਪੁਰਾ ਵਿੱਚ 9 ਏਕੜ ਜ਼ਮੀਨ ਵਿੱਚੋਂ ਜਬਰੀ ਝੋਨਾ ਵੱਢ ਕੇ ਲੈ ਜਾਣ ਦੇ ਮਾਮਲੇ ਵਿਚ ਨਾਮਜ਼ਦ ਕਰ ਕੇ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਮਨੋਹਰ ਲਾਲ ਅਨੁਸਾਰ ਸਰਬਜੀਤ ਕੌਰ ਪਤਨੀ ਹਰਵਿੰਦਰ ਸਿੰਘ, ਰਣਜੀਤ ਕੌਰ ਪਤਨੀ ਅਮਿਤ ਸ਼ਰਮਾ ਵਾਸੀ ਵਿਕਾਸਪੁਰੀ ਦਿੱਲੀ, ਪਰਮਜੀਤ ਕੌਰ ਅਤੇ ਉਸ ਦੇ ਪਤੀ ਦਲਜੀਤ ਸਿੰਘ ਵਾਸੀ ਨਿਊ ਸੁੰਦਰ ਨਗਰ, ਸਰਾਭਾ ਨਗਰ ਲੁਧਿਆਣਾ ਸਮੇਤ 30 ਅਣਪਛਾਤੇ ਵਿਅਕਤੀਆਂ ਵਿਰੁੱਧ ਬੰਦੀ ਬਣਾ ਕੇ ਜ਼ਮੀਨ ਉੱਪਰ ਜਬਰੀ ਕਬਜ਼ੇ ਦੀ ਕੋਸ਼ਿਸ਼ ਅਤੇ ਜਿਣਸ ਚੋਰੀ ਕਰਨ ਦਾ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਗਈ ਹੈ। ਸ਼ਿਕਾਇਤਕਰਤਾ ਅੰਗਦਦੀਪ ਸਿੰਘ ਅਨੁਸਾਰ 25 ਅਕਤੂਬਰ ਨੂੰ ਜਦੋਂ ਉਹ ਕੰਮਕਾਰ ਦੇ ਸਿਲਸਿਲੇ ਵਿਚ ਬਾਹਰ ਗਿਆ ਸੀ। ਜਦੋਂ ਘਰ ਆਇਆ ਤਾਂ ਉਸ ਦੇ ਨੌਕਰ ਨੰਦੀ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਬੰਦੀ ਬਣਾ ਕੇ 9 ਏਕੜ ਵਿਚ ਖੜ੍ਹੀ ਫ਼ਸਲ ਵੱਢ ਕੇ ਚੋਰੀ ਕਰ ਕੇ ਲੈ ਗਏ ਅਤੇ 15 ਏਕੜ ਜ਼ਮੀਨ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਅਫ਼ਸਰ ਮਨੋਹਰ ਲਾਲ ਅਨੁਸਾਰ ਸਾਰੇ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।