ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਨਵੰਬਰ
ਏਸ਼ੀਆ ਦੀ ਵੱਡੀ ਮੰਡੀ ਖੰਨਾ ਵਿਚ ਇਸ ਵਾਰ 11 ਨਵੰਬਰ ਤੱਕ ਝੋਨੇ ਦੀ ਕੁੱਲ ਆਮਦ 21,25,478 ਕੁਇੰਟਲ ਹੋਈ ਹੈ, ਜੋ ਪਿਛਲੇ ਵਰ੍ਹੇ ਦੇ ਮੁਕਾਬਲੇ 3,19,317 ਕੁਇੰਟਲ ਘੱਟ ਹੈ। ਪਿਛਲੇ ਵਰ੍ਹੇ ਮੰਡੀ ਵਿਚ ਕੁੱਲ 24,48,216 ਕੁਇੰਟਲ ਝੋਨਾ ਪੁੱਜਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਵਾਰ ਆਸ ਕੀਤੀ ਜਾ ਰਹੀ ਸੀ ਕਿ ਇਹ ਟੀਚਾ 25 ਲੱਖ ਕੁਇੰਟਲ ਤੱਕ ਪੁੱਜੇਗਾ ਪਰ ਝੋਨੇ ਦੀ ਤਿਆਰ ਫ਼ਸਲ ਮੌਕੇ ਹੋਈਆਂ ਬਾਰਿਸ਼ਾਂ ਕਾਰਨ ਝੋਨੇ ਦਾ ਝਾੜ ਘੱਟ ਗਿਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਹੈ, ਜਿਸ ਵਿਚ ਪਨਗ੍ਰੇਨ ਨੇ 8,56,573 ਕੁਇੰਟਲ, ਐੱਫ.ਸੀ.ਆਈ ਨੇ 2,781 ਕੁਇੰਟਲ, ਮਾਰਕਫੈੱਡ ਨੇ 4,16,773 ਕੁਇੰਟਲ, ਪਨਸਪ ਨੇ 3,29,208 ਕੁਇੰਟਲ, ਵੇਅਰ ਹਾਊਸ ਕਾਰਪੋਰੇਸ਼ਨ ਨੇ 2,42,667 ਕੁਇੰਟਲ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ 3,382 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ। ਚੀਮਾ ਅਨੁਸਾਰ ਮੰਡੀ ਵਿਚੋਂ 100 ਫ਼ੀਸਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਹੁਣ ਸਿਰਫ਼ ਬਾਸਮਤੀ ਝੋਨਾ ਮੰਡੀ ਵਿਚ ਪੁੱਜ ਰਿਹਾ ਹੈ, ਜਿਸਦਾ ਭਾਅ ਵੀ ਇਸ ਵਾਰ ਬਹੁਤ ਚੰਗਾ ਲੱਗ ਰਿਹਾ ਹੈ ਅਤੇ ਬਾਸਮਤੀ ਝੋਨੇ ਦੀ ਖਰੀਦ 3500 ਤੋਂ 3840 ਰੁਪਏ ਪ੍ਰਤੀ ਕੁਇੰਟਲ ਤੱਕ ਹੋਈ ਹੈ। ਹੁਣ ਤੱਕ ਮੰਡੀ ਵਿਚ ਕਰੀਬ 50 ਹਜ਼ਾਰ ਕੁਇੰਟਲ ਬਾਸਮਤੀ ਦੀ ਖ਼ਰੀਦ ਹੋ ਚੁੱਕੀ ਹੈ।