ਪੱਤਰ ਪ੍ਰੇਰਕ
ਮਾਛੀਵਾੜਾ, 28 ਜੁਲਾਈ
ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਦੇ ਟੋਭੇ ਦਾ ਪਾਣੀ ਓਵਰਫਲੋਅ ਹੋ ਕੇ ਗੁਰਮੀਤ ਕੌਰ ਦੇ ਖੇਤਾਂ ਵਿੱਚ ਵੜ ਗਿਆ, ਜਿਸ ਕਾਰਨ ਸਾਰੀ ਫ਼ਸਲ ਤਬਾਹ ਹੋ ਗਈ। ਵਿਧਵਾ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਕੋਲ ਸਿਰਫ਼ 6 ਕਨਾਲ ਜ਼ਮੀਨ ਹੈ, ਜੋ ਪਿੰਡ ਦੇ ਪੰਚਾਇਤੀ ਟੋਭੇ ਨੇੜੇ ਹੈ। ਉਸ ਨੇ ਦੱਸਿਆ ਕਿ ਪਿੰਡ ਦੇ ਸਾਰੇ ਗੰਦੇ ਪਾਣੀ ਦੀ ਨਿਕਾਸੀ ਇਸ ਟੋਭੇ ਵਿੱਚ ਹੀ ਹੁੰਦੀ ਹੈ, ਪਰ ਇਹ ਟੋਭਾ ਅਕਸਰ ਹੀ ਓਵਰਫਲੋਅ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੀ ਫ਼ਸਲ ਨੂੰ ਮਾਰ ਕਰਦਾ ਹੈ। ਵਿਧਵਾ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਵਾਰ ਟੋਭੇ ਦਾ ਸਾਰਾ ਪਾਣੀ ਓਵਰਫਲੋਅ ਹੋ ਕੇ ਉਸ ਦੀ ਜ਼ਮੀਨ ’ਚ ਬੀਜੀ ਮੱਕੀ ਤੇ ਚਰੀ ਤਬਾਹ ਕਰ ਗਿਆ। ਇਸ ਸਬੰਧੀ ਪਿੰਡ ਦੇ ਸਰਪੰਚ ਤੇ ਪੰਚਾਇਤ ਨੂੰ ਵੀ ਸੂਚਿਤ ਕਰਕੇ ਟੋਭੇ ਨੂੰ ਓਵਰਫਲੋਅ ਹੋਣ ਤੋਂ ਰੋਕਣ ਦੇ ਉਪਾਅ ਕਰਨ ਲਈ ਕਿਹਾ ਗਿਆ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਹੈ। ਪੀੜਤ ਵਿਧਵਾ ਨੇ ਦੱਸਿਆ ਕਿ ਅੱਜ ਵੀ ਸਵੇਰ ਤੋਂ ਮੀਂਹ ਪੈ ਰਿਹਾ ਹੈ ਤੇ ਟੋਭੇ ਦਾ ਪਾਣੀ ਮੁੜ ਉਸ ਦੇ ਖੇਤ ਵਿੱਚ ਵੜਿਆ ਹੈ, ਪਰ ਪੰਚਾਇਤ ਨੇ ਇਸ ਸਬੰਧੀ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਉਸ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਗਰੀਬ ਕਿਸਾਨ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਜੋ ਉਨ੍ਹਾਂ ਦੀ ਫਸਲ ਖ਼ਰਾਬ ਹੋਈ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਵੇ।